ਜਗਰਾਉਂ, 4 ਫਰਵਰੀ (ਵਿਨੋਦ ਕੁਮਾਰ)-ਦਹਾਕਿਆਂ ਤੋਂ ਸਵਾਮੀ ਰੂਪ ਚੰਦ ਜੈਨ ਮਹਾਰਾਜ ਜੀ ਦੇ ਨਾਂਅ 'ਤੇ ਚੱਲ ਰਹੇ ਸਕੂਲ ਅਤੇ ਗਿਆਨ ਵੰਡਦੀ ਆ ਰਹੀ ਸੰਸਥਾ ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇ ਹਮੇਸ਼ਾਂ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਪਰਾਲਾ ਕੀਤਾ ਹੈ | ਸਕੂਲ ਪ੍ਰਬੰਧਕੀ ਬੋਰਡ ਦੀ ਜ਼ੇਰੇ ਨਿਗਰਾਣੀ ਅਤੇ ਪਿ੍ੰਸੀਪਲ ਰਾਜਪਾਲ ਕੌਰ ਦੀ ਯੋਗ ਅਗਵਾਈ ਸਦਕਾ, ਸਕੂਲ ਸਟਾਫ ਦੀ ਮਿਹਨਤ ਅਤੇ ਮਾਪਿਆਂ ਦੇ ਨਿੱਘੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਨ ਲਈ ਇਹ ਸੰਸਥਾ ਲਗਾਤਾਰ ਅਤੇ ਲਾ-ਮਿਸਾਲ ਤਰੀਕੇ ਨਾਲ ਕਾਰਜਸ਼ੀਲ ਹੈ | ਹਰ ਸਾਲ ਸਫ਼ਲਤਾ ਦੀਆਂ ਬੁਲੰਦੀਆਂ ਆਪਣੀ ਮੁਹਾਰਤ ਸਿੱਧ ਕਰ ਰਹੀ ਹੈ | ਇਸ ਸਕੂਲ ਨੇ ਵਿੱਦਿਅਕ ਅਤੇ ਸਹਾਇਕ ਗਤੀਵਿਧੀਆਂ ਦੀਆਂ ਵੱਡੀਆਂ ਪ੍ਰਾਪਤੀਆਂ ਦੇ ਨਾਲ-ਨਾਲ ਖੇਡ ਮੈਦਾਨ 'ਚ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੀ ਖੇਡ ਕਲਾ ਦਾ ਲੋਹਾ ਮਨਵਾਇਆ ਹੈ | ਸੈਂਕੜਿਆਂ ਦੇ ਹਿਸਾਬ ਨਾਲ ਮੰਡਲ ਅਤੇ ਮਾਨਸਿਕ ਤੇ ਸਰੀਰਕ ਤੌਰ 'ਤੇ ਸਿਹਤਮੰਦ ਖਿਡਾਰੀਆਂ ਦੀਆਂ ਟੀਮਾਂ ਨੂੰ ਖੇਡ ਮੈਦਾਨਾਂ 'ਚ ਉਤਾਰ ਕੇ ਅਤੇ ਮੈਡਲ ਫੁੰਡ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਕੂਲ ਪ੍ਰਬੰਧਕੀ ਬੋਰਡ ਦੀ ਅਗਵਾਈ ਅਤੇ ਪਿ੍ੰਸੀਪਲ ਤੇ ਖੇਡ ਅਧਿਆਪਕਾਂ ਦਾ ਨਿਰਦੇਸ਼ਨ ਸੋਨੇ 'ਤੇ ਸੁਹਾਗਾ ਹੈ | ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ ਨੇ ਕਿਹਾ ਕਿ ਇਕ ਚੰਗਾ ਗੁਰੂ ਉਹ ਹੁੰਦਾ ਹੈ ਜੋ ਵਿਦਿਆਰਥੀ ਨੂੰ ਸਰਵਗੁਣ ਸੰਪੰਨ ਬਣਾਉਣ ਲਈ ਆਪਣੀ ਪੂਰੀ ਤਾਣ ਲਾ ਦਿੰਦਾ ਹੈ |