• ਬੀਬੀ ਦਲਜੀਤ ਕੌਰ ਪਮਾਲ ਚੇਅਰਪਰਸਨ ਅਤੇ ਬੀਬੀ ਵੀਰਪਾਲ ਕੌਰ ਸੇਖੋਂ ਉੱਪ ਚੇਅਰਪਰਸਨ ਬਣੇ
• ਚੇਅਰਪਰਸਨ ਅਤੇ ਉੱਪ ਚੇਅਰਪਰਸਨ ਦੀ ਰਹਿਨੁਮਾਈ ਹੇਠ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦੇਵਾਂਗੇ-ਇਯਾਲੀ
ਸਿੱਧਵਾਂ ਬੇਟ, 5 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਲੰਘੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਪੰਥਕ ਸੋਚ ਸਦਕਾ ਚੋਣ ਲੜ ਕੇ ਵੱਡੀ ਲੀਡ ਨਾਲ ਜਿੱਤ ਦਰਜ ਕਰਨ ਵਾਲੇ 17 ਸੰਮਤੀ ਮੈਂਬਰਾਂ ਵਿਚੋਂ ਐੱਸ.ਸੀ. ਕੈਟਾਗਿਰੀ ਵਿਚੋਂ ਬੀਬੀ ਦਲਜੀਤ ਕੌਰ ਪਮਾਲ ਅਤੇ ਇਸਤਰੀ ਕੈਟਾਗਿਰੀ ਵਿਚੋਂ ਬੀਬੀ ਵੀਰਪਾਲ ਕੌਰ ਸੇਖੋਂ ਦਾਖਾ ਨੂੰ ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ ਦਫ਼ਤਰ ਵਿਚ ਪੁੱਜੇ ਸਮੂਹ ਸੰਮਤੀ ਮੈਂਬਰਾਂ ਨੇ ਸਰਬਸੰਮਤੀ ਨਾਲ ਕ੍ਰਮਵਾਰ ਪੰਚਾਇਤ ਸੰਮਤੀ ਮੁੱਲਾਂਪੁਰ ਦੀ ਚੇਅਰਪਰਸਨ ਅਤੇ ਉੱਪ ਚੇਅਰਪਰਸਨ ਚੁਣ ਲਿਆ ਗਿਆ | ਚੋਣ ਤੋਂ ਪਹਿਲਾਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਗੋਰਸੀਆਂ ਕਾਦਰਬਖਸ ਦੇ ਬਾਹਰਵਾਰ ਸਥਿਤ ਖੇਤੀਬਾੜੀ ਫਾਰਮ 'ਤੇ ਸਮੂਹ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਸੰਮਤੀ ਮੈਂਬਰਾਂ ਅਤੇ ਵੱਖ-ਵੱਖ ਪਿੰਡਾਂ ਦੇ ਸੀਨੀਅਰ ਆਗੂਆਂ ਦੀ ਇਕ ਭਰਵੀਂ ਮੀਟਿੰਗ ਸੱਦੀ | ਜਿਸ ਵਿਚ ਇਕ ਘੰਟਾ ਵਾਰਤਾਲਾਪ ਉਪਰੰਤ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਚੋਣ ਕਰਨ ਲਈ ਆਪਣੇ ਹਰਮਨ ਪਿਆਰੇ ਨੇਤਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਅਧਿਕਾਰ ਦਿੱਤੇ | ਉਪਰੰਤ ਪੂਰਾ ਕਾਫਲਾ ਸਥਾਨਕ ਕਸਬੇ ਅੰਦਰ ਸਥਿਤ ਪੰਚਾਇਤ ਸੰਮਤੀ ਦਫ਼ਤਰ ਵਿਖੇ ਪੁੱਜਾ | ਇਸ ਮੌਕੇ ਚੋਣ ਕਰਵਾਉਣ ਲਈ ਐੱਸ.ਡੀ.ਐੱਮ. ਜਗਰਾਉਂ ਰੁਪਿੰਦਰਜੀਤ ਕੌਰ ਅਤੇ ਬੀ.ਡੀ.ਪੀ.ਓ. ਗੁਰਪ੍ਰੀਤ ਸਿੰਘ ਹਾਜ਼ਰ ਸਨ | ਭਾਵੇਂ ਚੋਣ ਪ੍ਰਕਿਰਿਆ ਪੂਰੀ ਕਰਨ ਲਈ 25 ਬਲਾਕ ਸੰਮਤੀ ਮੈਂਬਰਾਂ ਵਿਚੋਂ 18 ਮੈਂਬਰ ਹਾਜ਼ਰ ਰਹੇ | ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਚੇਅਰਪਰਸਨ ਅਤੇ ਉੱਪ ਚੇਅਰਪਰਸਨ ਦੀ ਚੋਣ ਸਿਰੇ ਲੱਗ ਗਈ | ਇਕ ਵੱਡੇ ਇਕੱਠ ਵਿਚ ਚੁਣੇ ਗਏ ਅਹੁਦੇਦਾਰਾਂ, ਜ਼ਿਲ੍ਹਾ ਪ੍ਰੀਸਦ ਮੈਂਬਰਾਂ ਅਤੇ ਹਾਜ਼ਰ ਸੰਮਤੀ ਮੈਂਬਰਾਂ ਨੂੰ ਸਨਮਾਨਿਤ ਕਰਨ ਅਤੇ ਵਧਾਈ ਦਿੰਦੇ ਹੋਏ ਵਿਧਾਇਕ ਇਯਾਲੀ ਨੇ ਆਖਿਆ ਕਿ ਜਿਸ ਤਰ੍ਹਾਂ ਮੈਂ ਪਿਛਲੇ ਲੰਬੇ ਸਮੇਂ ਤੋਂ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਪੂਰਿਆਂ ਕੀਤਾ |
ਉਸੇ ਤਰ੍ਹਾਂ ਬਤੌਰ ਜ਼ਿਲ੍ਹਾ ਪ੍ਰੀਸਦ ਦੇ ਚੇਅਰਮੈਨ ਵਜੋਂ ਹੋਏ ਤਜਰਬੇ ਸਦਕਾ ਮੈਂ ਹੁਣ ਫਿਰ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਵਿਕਾਸ ਕੰਮਾਂ ਵਿਚ ਕੋਈ ਕਸਰ ਨਹੀਂ ਛੱਡਾਗਾਂ | ਇਸ ਮੌਕੇ ਜ਼ਿਲ੍ਹਾ ਪ੍ਰੀਸਦ ਮੈਂਬਰ ਗੁਰਮੀਤ ਸਿੰਘ ਹਾਂਸ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਨਦੀਪ ਕੌਰ ਰੂਮੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਪਰਦੀਪ ਕੌਰ ਲਤਾਲਾ, ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ, ਸਾਬਕਾ ਚੇਅਰਮੈਨ ਡਾ: ਅਮਰਜੀਤ ਸਿੰਘ ਮੁੱਲਾਂਪੁਰ, ਸਾਬਕਾ ਚੇਅਰਮੈਨ ਵਰਦੀਪ ਸਿੰਘ ਦੀਪਾ, ਰਾਮ ਆਸਰਾ ਸਿੰਘ ਚੱਕ ਕਲਾਂ, ਜਗਦੀਸ਼ ਸਿੰਘ ਸਦਰਪੁਰਾ, ਜਗਜੀਤ ਸਿੰਘ ਭੋਲਾ, ਨੰਬਰਦਾਰ ਹਰਿੰਦਰ ਸਿੰਘ, ਅਜਮੇਰ ਸਿੰਘ ਖ਼ਾਲਸਾ, ਮਨਦੀਪ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ, ਅਮਨਦੀਪ ਕੌਰ, ਲਖਵੀਰ ਸਿੰਘ, ਅਮਨਦੀਪ ਸਿੰਘ ਜੰਡੀ, ਗੁਰਵਿੰਦਰ ਸਿੰਘ, ਰਾਜਦੀਪ ਸਿੰਘ, ਗੁਰਮੇਲ ਸਿੰਘ, ਪਰਮਜੀਤ ਕੌਰ, ਕਮਲਜੀਤ ਕੌਰ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ, ਹਰਪ੍ਰੀਤ ਕੌਰ, ਹਰਭਜਨ ਕੌਰ (ਸਾਰੇ ਬਲਾਕ ਸੰਮਤੀ ਮੈਂਬਰ), ਬਲਜੀਤ ਸਿੰਘ ਨੰਬਰਦਾਰ, ਅਮਨ ਥਿੰਦ, ਅਰਸ਼ ਥਿੰਦ, ਮਾ: ਕਸਮੀਰਾ ਸਿੰਘ, ਪਰਮਜੀਤ ਸਿੰਘ ਧਾਲੀਵਾਲ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਰਾਊਵਾਲ ਸਮੇਤ ਵੱਡੀ ਗਿਣਤੀ 'ਚ ਹੋਰ ਇਯਾਲੀ ਸਮਰਥਕ ਹਾਜ਼ਰ ਸਨ |
ਵਿਧਾਇਕ ਇਯਾਲੀ ਦੀ ਅਗਵਾਈ 'ਚ ਹਲਕਾ ਦਾਖਾ ਅੰਦਰ ਪੰਥਕ ਸੋਚ ਨੂੰ ਸਮਰਪਿਤ ਆਜ਼ਾਦ ਚੇਅਰਪਰਸਨ ਅਤੇ ਉੱਪ ਚੇਅਰਪਰਸਨ ਚੁਣੇ ਗਏ
ਅਜੀਤ ਡੈਸਕ
06-03-2026