ਆਸ਼ੀਰਵਾਦ ਸਕੀਮ ਪ੍ਰਾਪਤ ਕਰਨ ਲਈ ਪ੍ਰਕਿਰਿਆ ਨੂੰ ਲਾਭਪਾਤਰਾਂ ਵਲੋਂ ਪਹਿਲਾਂ ਵਾਂਗ ਕਰਨ ਦੀ ਮੰਗ
ਅਜੀਤ ਡੈਸਕ
06-03-2026
ਹੰਬੜਾਂ, 5 ਮਾਰਚ (ਹਰਵਿੰਦਰ ਸਿੰਘ ਮੱਕੜ)-ਪੰਜਾਬ ਸਰਕਾਰ ਵਲੋਂ ਕਮਜ਼ੋਰ ਵਰਗ ਦੇ ਲੋਕਾਂ ਲਈ ਲੜਕੀਆਂ ਦੇ ਵਿਆਹ ਮੌਕੇ ਮਿਲਣ ਵਾਲੀ ਆਸ਼ੀਰਵਾਦ ਸਕੀਮ ਦੀ ਮਿਲਣ ਵਾਲੀ ਰਾਸ਼ੀ ਲਈ ਲਾਭਪਾਤਰਾਂ ਨੂੰ ਕਾਫੀ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਹੈ | ਇਹ ਪ੍ਰਗਟਾਵਾ ਸਾਬਕਾ ਸਰਪੰਚ ਅਤੇ ਮਹਿਲਾ ਆਗੂ ਹਰਜੀਤ ਕੌਰ ਸਲੇਮਪੁਰੀ ਤੇ ਸਾਬਕਾ ਸਰਪੰਚ ਕਰਮਜੀਤ ਕੌਰ ਹੰਬੜਾਂ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਅੱਗੇ ਦੱਸਿਆ ਕਿ ਸ਼ਗਨ ਸਕੀਮ ਪ੍ਰਾਪਤ ਕਰਨ ਲਈ ਲਾਭਪਤਾਰਾਂ ਨੂੰ ਦਫ਼ਤਰਾਂ ਦੇ ਕਾਫੀ ਚੱਕਰ ਲਗਾਉਣੇ ਪੈਂਦੇ ਹਨ | ਇਸ ਵਾਰ ਤਾਂ ਲੜਕੀਆਂ ਦੇ ਵਿਆਹ ਹੋਏ ਨੂੰ ਕਰੀਬ ਸਾਲ ਤੋਂ ਉੱਪਰ ਸਮਾਂ ਬੀਤ ਗਿਆ ਹੈ ਪਰ ਹਾਲੇ ਤੱਕ ਲਾਭ ਪ੍ਰਾਪਤ ਨਹੀਂ ਹੋਇਆ | ਇਸ ਮੌਕੇ ਲਾਭਪਾਤਰ ਨਾਇਬ ਸਿੰਘ, ਲਖਵੀਰ ਸਿੰਘ, ਸੁਭਾਸ਼ ਕੁਮਾਰ ਤੇ ਹੋਰਨਾਂ ਨੇ ਦੱਸਿਆ ਕਿ ਸ਼ਗਨ ਸਕੀਮ ਦਾ ਲਾਭ ਲੈਣ ਲਈ ਸੂਬਾ ਸਰਕਾਰ ਨੇ ਫਾਰਮ ਅਪਲਾਈ ਕਰਨ ਵਾਸਤੇ ਜੋ ਸੁਵਿਧਾ ਸੈਂਟਰ ਨੂੰ ਅਪਲਾਈ ਕਰਨ ਦਾ ਕੰੰਮ ਦਿੱਤਾ ਹੈ, ਉੱਥੇ ਲਾਭਪਾਤਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਕਤ ਆਗੂਆਂ ਅਤੇ ਲਾਭਪਾਤਰਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਸ਼ੀਰਵਾਦ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਪਹਿਲਾਂ ਵਾਂਗ ਹੀ ਕੀਤਾ ਜਾਵੇ ਜਾਂ ਅਰਜੀਆਂ ਭਲਾਈ ਦਫ਼ਤਰਾਂ ਵਿਚ ਜਮ੍ਹਾਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਜਾਣ ਤਾਂ ਕਿ ਲਾਭਪਾਤਰ ਹੋ ਰਹੀ ਖੱਜਲ-ਖੁਆਰੀ ਤੋਂ ਬਚ ਸਕਣ |