ਰਾਏਕੋਟ, 8 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਵਿਚ ਦਿਨੋਂ-ਦਿਨ ਲੁੱਟਾਂ-ਖੋਹਾਂ, ਕਤਲੋਗਾਰਤ ਵਾਰਦਾਤਾਂ, ਧਮਕੀ ਭਰੇ ਫੋਨ ਕਾਲਾਂ, ਫਿਰੌਤੀਆਂ ਦੇ ਮਾਮਲਿਆਂ ਵਿਚ ਹੋ ਰਹੇ ਭਾਰੀ ਵਾਧੇ ਨਾਲ ਪੰਜਾਬ ਵਾਸੀ ਡਰ ਦੇ ਸਾਏ ਹੇਠ ਦਿਨ ਕੱਟਣ ਲਈ ਮਜ਼ਬੂਰ ਹੋ ਚੁੱਕੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਜੀਤ ਸਿੰਘ ਬੱਗੀ ਝੋਰੜਾਂ, ਸਾਬਕਾ ਸਰਪੰਚ ਗੁਰਜੀਤ ਸਿੰਘ ਅਕਾਲਗੜ੍ਹ ਖੁਰਦ, ਨੰਬਰਦਾਰ ਸੁਖਜਿੰਦਰ ਸਿੰਘ ਸ਼ਾਹਜਹਾਨਪੁਰ, ਡਾ. ਬਲਵਿੰਦਰ ਸਿੰਘ ਚੱਕ ਭਾਈਕਾ, ਕਮਿੱਕਰ ਸਿੰਘ ਸਾਬਕਾ ਸਰਪੰਚ ਅੱਬੂਵਾਲ, ਗੁਰਬਿੰਦਰ ਸਿੰਘ ਪੱਖੋਵਾਲ (ਸਾਰੇ ਕੋਰ ਕਮੇਟੀ ਮੈਂਬਰ ਹਲਕਾ ਰਾਏਕੋਟ ਸ਼੍ਰੋਮਣੀ ਅਕਾਲੀ ਦਲ) ਨੇ ਆਖਿਆ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਐਨੀ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ ਕਿ ਰੋਜ਼ਾਨਾ ਕਈ ਕਤਲੋਗਾਰਤ ਦੀਆਂ ਘਟਨਾਵਾਂ ਵਾਪਰਦੀਆਂ ਹਨ, ਜਿਸ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਲਈ ਸਰਕਾਰ ਲੋਕਾਂ ਨੂੰ ਇਸ ਦੁਬਿਧਾ ਵਿਚੋਂ ਬਾਹਰ ਕੱਢਣ ਲਈ ਠੋਸ ਕਦਮ ਉਠਾਏ | ਉਨ੍ਹਾਂ ਆਖਿਆ ਕਿ ਪੰਜਾਬ ਦੇ ਮਸਲਿਆਂ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੀ ਯੋਗ ਹੈ, ਜੋ ਹਰੇਕ ਮਸਲਿਆਂ ਨੂੰ ਬੜੀ ਬਾਰੀਕੀ ਨਾਲ ਹੱਲ ਕਰਨ ਲਈ ਯੋਗ ਹੈ | ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਤੇ ਮਾਂ ਪਾਰਟੀ ਹੈ ਅਤੇ ਇਸ ਪਾਰਟੀ ਨੇ ਪੰਜਾਬੀਆਂ ਦੇ ਹੱਕਾਂ ਤੇ ਹਿੱਤਾਂ ਦੀ ਰਾਖ਼ੀ ਖਾਤਰ ਕਈ ਸੰਘਰਸ਼ ਲੜ੍ਹੇ ਅਤੇ ਪੰਜਾਬ ਨੂੰ ਬਣਦੇ ਹੱਕ ਦਿਵਾਉਣ 'ਚ ਆਪਣਾ ਅਹਿਮ ਰੋਲ ਨਿਭਾਇਆ ਹੈ | ਉਨ੍ਹਾਂ ਆਖਿਆ ਕਿ ਸੂਬਾ ਦਾ ਸਰਵਪੱਖੀ ਵਿਕਾਸ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਸਮੇਂ ਹੋਇਆ ਹੈ, ਜਿਸ ਤੋਂ ਸਭ ਭਲੀ-ਭਾਂਤ ਜਾਣੂੰ ਹਨ | ਉਨ੍ਹਾਂ ਆਖਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹਾਂ ਦੀ ਮਾਰ ਝੱਲ ਰਹੇ ਪੀੜਤਾਂ ਦੀ ਨਿਰੰਤਰ ਮਦਦ ਕਰਕੇ ਲੋੜਵੰਦਾਂ ਦੀ ਹਰ ਪੱਖੋਂ ਸਹਾਇਤਾ ਕੀਤੀ ਹੈ, ਜਿਸ ਸਦਕਾ ਉਨ੍ਹਾਂ ਨੇ ਲੋਕਾਂ ਦਾ ਭਰੋਸਾ ਜਿੱਤਿਆ ਹੈ | ਜਿਸ ਦਾ ਅਸਰ ਹੁਣ 'ਪੰਜਾਬ ਬਚਾਓ, ਸੁਖਬੀਰ ਬਾਦਲ ਲਿਆਓ' ਮੁਹਿੰਮ ਤਹਿਤ ਸ਼ੁਰੂ ਕੀਤੀਆਂ ਰੈਲੀਆਂ ਤੋਂ ਸਾਫ਼ ਝਲਕ ਰਿਹਾ ਹੈ, ਜਿੱਥੇ ਹਜ਼ਾਰਾਂ ਦੀ ਤਾਦਾਦ 'ਚ ਲੋਕਾਂ ਦਾ ਵਿਸ਼ਾਲ ਇਕੱਠ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਂਦਾ ਹੈ | ਅਕਾਲੀ ਆਗੂਆਂ ਨੇ ਆਖਿਆ ਕਿ ਇਸ ਰੈਲੀਆਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੇ ਭਰਵੇਂ ਸਮਰਥਨ ਤੋਂ ਜਾਪਦਾ ਹੈ ਕਿ ਵਿਧਾਨ ਸਭਾ ਚੋਣਾਂ-2027 'ਚ ਸ਼੍ਰੋਮਣੀ ਅਕਾਲੀ ਦਲ ਵਿਰੋਧੀਆਂ ਪਾਰਟੀਆਂ ਨੂੰ ਕਰਾਰੀ ਹਾਰ ਦੇ ਕੇ ਸਰਕਾਰ ਬਣਾਏਗੀ |