ਜਗਰਾਉਂ, 12 ਮਾਰਚ (ਗੁਰਦੀਪ ਸਿੰਘ ਮਲਕ)-ਸ਼ਹੀਦ ਭਗਤ ਸਿੰਘ ਦੇ ਜ਼ੱਦੀ ਪਿੰਡ ਖਟਕੜ ਕਲਾਂ ਤੋਂ ਸਹੁੰ ਚੁੱਕ ਕੇ ਸਰਕਾਰ ਚਲਾਉਣ ਵਾਲੀ ਆਮ ਆਦਮੀ ਪਾਰਟੀ ਅਤੇ ਸ਼ਹੀਦਾਂ ਦੀ ਸਭ ਤੋਂ ਵੱਧ ਗੱਲ ਕਰਨ ਸਮੇਤ ਹਰੇਕ ਸਰਕਾਰੀ ਦਫ਼ਤਰ ਵਿਚ ਸ਼ਹੀਦ-ਏ-ਆਜ਼ਮ ਦੀ ਤਸਵੀਰ ਲਵਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਹੀਦ ਲੈਫਟੀਨੈਂਟ ਮਨਪ੍ਰੀਤ ਸਿੰਘ ਗੋਲਡੀ ਦੇ ਮਾਪਿਆਂ ਨੇ ਪੱਤਰ ਲਿਖ ਕੇ ਸਾਰ ਲੈਣ ਦੀ ਮੰਗ ਕੀਤੀ ਹੈ | ਪਿਤਾ ਕਰਮਜੀਤ ਸਿੰਘ ਤੇ ਮਾਂ ਅਮਰਜੀਤ ਕੌਰ ਨੇ ਚੀਫ਼ ਆਫ ਆਰਮੀ ਸਟਾਫ਼ ਤੇ ਮੁੱਖ ਮੰਤਰੀ ਪੰਜਾਬ ਸਣੇ ਵੱਖ-ਵੱਖ ਅਧਿਕਾਰੀਆਂ ਤੇ ਅਦਾਰਿਆਂ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਇਹ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਹੈ | ਇਸ ਪੱਤਰ ਵਿਚ ਉਨ੍ਹਾਂ ਜਗਰਾਉਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸਕੂਲ ਆਫ ਐਮੀਨੈਂਸ ਕਰਨ ਸਮੇਂ ਸ਼ਹੀਦ ਦਾ ਨਾਂਅ ਹਟਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ | ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਆਪ੍ਰੇਸ਼ਨ ਰਕਸ਼ਕ ਦੌਰਾਨ ਮਨਪ੍ਰੀਤ ਸਿੰਘ ਗੋਲਡੀ 9 ਜੁਲਾਈ 2001 ਨੂੰ ਸ਼ਹਾਦਤ ਦਾ ਜਾਮ ਪੀ ਗਏ | ਉਸ ਤੋਂ ਬਾਅਦ ਹੀ ਇਸ ਸਰਕਾਰੀ ਸਕੂਲ ਦਾ ਨਾਂਅ ਸ਼ਹੀਦ ਦੇ ਨਾਂਅ 'ਤੇ ਕਰਨ ਤੋਂ ਇਲਾਵਾ ਸ਼ਹੀਦ ਦੇ ਨਾਮ ਵਾਲਾ ਯਾਦਗਾਰੀ ਗੇਟ ਬਣਾਇਆ ਗਿਆ | ਪੱਤਰ ਵਿਚ ਮਾਪਿਆਂ ਦੇ ਭਰੇ ਮਨ ਨਾਲ ਲਿਖਿਆ ਹੈ ਕਿ ਜੰਮੂ-ਕਸ਼ਮੀਰ ਵਿਚ ਤਾਇਨਾਤੀ ਦੌਰਾਨ ਭਾਰਤੀ ਫੌਜ ਦੀ ਸੇਵਾ ਕਰਦੇ ਹੋਏ ਮਨਪ੍ਰੀਤ ਸਿੰਘ ਗੋਲਡੀ ਨੇ ਦੇਸ਼ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ | ਉਨ੍ਹਾਂ ਕਿਹਾ ਕਿ ਲੈਫਟੀਨੈਂਟ ਗੋਲਡੀ ਇਕ ਬਹਾਦਰ ਨੌਜਵਾਨ ਫੌਜੀ ਅਫ਼ਸਰ ਸੀ ਜਿਸ ਅੰਦਰ ਆਪਣੀ ਡਿਊਟੀ ਪ੍ਰਤੀ ਪੂਰੀ ਲਗਨ ਤੇ ਦੇਸ਼ਭਗਤੀ ਦਾ ਜਜ਼ਬਾ ਸੀ | ਉਸਦੀ ਸ਼ਹਾਦਤ 'ਤੇ ਪੰਜਾਬ ਦੇ ਲੋਕਾਂ ਤੇ ਫੌਜ ਨੇ ਸੋਗ ਮਨਾਇਆ ਸੀ | ਪੰਜਾਬ ਸਰਕਾਰ ਨੇ ਮਹਾਨ ਕੁਰਬਾਨੀ ਨੂੰ ਮਾਨਤਾ ਦਿੰਦੇ ਹੋਏ ਕੁਝ ਜਨਤਕ ਅਦਾਰਿਆਂ ਦਾ ਨਾਮ ਲੈਫਟੀਨੈਂਟ ਮਨਪ੍ਰੀਤ ਸਿੰਘ ਗੋਲਡੀ ਦੇ ਨਾਮ 'ਤੇ ਰੱਖਿਆ | ਇਸ ਵਿਚ ਜਗਰਾਉਂ ਦਾ ਤਹਿਸੀਲ ਰੋਡ ਸਰਕਾਰੀ ਤੌਰ 'ਤੇ ਸ਼ਹੀਦ ਮਨਪ੍ਰੀਤ ਸਿੰਘ ਗੋਲਡੀ ਮਾਰਗ ਬਣਿਆ ਜਿੱਥੇ ਚੌਂਕ ਸ਼ੁਰੂ ਹੁੰਦੇ ਹੀ ਸ਼ਹੀਦ ਦੀ ਤਸਵੀਰ ਦੇ ਨਾਲ ਮਾਰਗ ਸਬੰਧੀ ਵੱਡਾ ਬੋਰਡ ਲੱਗਿਆ ਹੋਇਆ ਹੈ | ਤਹਿਸੀਲ ਰੋਡ 'ਤੇ ਹੀ ਸਥਿਤ ਇਲਾਕੇ ਦੇ ਪੁਰਾਤਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂਅ ਵੀ ਸ਼ਹੀਦ ਮਨਪ੍ਰੀਤ ਸਿੰਘ ਗੋਲਡੀ ਦੇ ਨਾਂਅ 'ਤੇ ਕਰ ਦਿੱਤਾ ਗਿਆ | ਸਕੂਲ ਦੇ ਗੇਟ 'ਤੇ ਵੀ ਸ਼ਹੀਦ ਮਨਪ੍ਰੀਤ ਸਿੰਘ ਗੋਲਡੀ ਯਾਦਗਾਰੀ ਗੇਟ ਲਿਖਿਆ ਗਿਆ | ਸ਼ਹੀਦ ਦੇ ਮਾਪਿਆਂ ਨੇ ਹੁਣ ਇਸ ਗੇਟ ਦੇ ਨਾਲ ਹੀ ਸ਼ਹੀਦ ਦਾ ਨਾਂਅ ਹਟਾਉਣ 'ਤੇ ਸਖ਼ਤ ਰੋਸ ਤੇ ਇਤਰਾਜ਼ ਕੀਤਾ ਹੈ | ਇਸ ਸਕੂਲ ਨੂੰ ਹੁਣ ਸਕੂਲ ਆਫ ਐਮੀਨੈਂਸ ਬਣਾ ਦਿੱਤਾ ਗਿਆ ਹੈ, ਪਰ ਸ਼ਹੀਦ ਦੇ ਨਾਂਅ ਨੂੰ ਹਟਾਉਣ ਜਾਂ ਮਿਟਾਉਣ 'ਤੇ ਰੋਸ ਦੇ ਨਾਲ ਮੁੱਦਾ ਵੀ ਭਖ ਗਿਆ ਹੈ | ਸ਼ਹੀਦ ਗੋਲਡੀ ਦੇ ਮਾਪਿਆਂ ਨੇ ਕਿਹਾ ਕਿ ਦੇਸ਼ ਲਈ ਕੁਰਬਾਨ ਹੋਏ ਪੁੱਤ ਦੇ ਨਾਂਅ 'ਤੇ ਸਕੂਲ 'ਤੇ ਯਾਦਗਾਰੀ ਗੇਟ ਨਵੀਂ ਪੀੜ੍ਹੀ ਨੂੰ ਇਸ ਸ਼ਹਾਦਤ ਤੋਂ ਜਾਣੂ ਕਰਵਾਉਣ ਦਾ ਕੰਮ ਕਰਦਾ ਸੀ | ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਸਣੇ ਹੋਰ ਨੌਜਵਾਨਾਂ ਅੰਦਰ ਹਿੰਮਤ ਤੇ ਦੇਸ਼ਭਗਤੀ ਪੈਦਾ ਕਰਦਾ ਸੀ | ਪਰ ਅਫ਼ਸੋਸ ਕਿ ਸਭ ਤੋਂ ਵੱਧ ਸ਼ਹੀਦਾਂ ਦਾ ਨਾਂਅ ਜਪਣ ਤੇ ਗੁਣਗਾਣ ਕਰਨ ਵਾਲੀ ਸਰਕਾਰ ਦੇ ਰਾਜ ਵਿਚ ਹੀ ਅਜਿਹੀ ਵੱਡੀ ਅਣਗਹਿਲੀ ਹੋਈ ਹੈ | ਪਿਤਾ ਕਰਮਜੀਤ ਸਿੰਘ ਨੇ ਲਿਖਿਆ ਹੈ ਕਿ ਇਹ ਮਾਮਲਾ ਮੁੱਖ ਮੰਤਰੀ ਸਣੇ ਹੋਰਨਾਂ ਦੇ ਧਿਆਨ ਵਿਚ ਲਿਆਉਣ ਤੱਕ ਦਾ ਉਨ੍ਹਾਂ ਨੂੰ ਅਫ਼ਸੋਸ ਹੋ ਰਿਹਾ ਹੈ ਜਦਕਿ ਅਜਿਹਾ ਕਰਨ ਵਾਲਿਆਂ ਨੂੰ ਪਤਾ ਨਹੀਂ ਕਿਉਂ ਕੋਈ ਅਫ਼ਸੋਸ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਸਕੂਲ ਦਾ ਨਵਾਂ ਨਾਮ, ਨਵਾਂ ਰੰਗ ਤੇ ਨਵੀਂ ਦਿੱਖ ਦਾ ਉਹ ਸਵਾਗਤ ਕਰਦੇ ਹਨ ਪਰ ਛੋਟੀ ਉਮਰ ਦੇ ਵੱਡੇ ਸ਼ਹੀਦ ਦਾ ਗੇਟ ਤੋਂ ਨਾਮ ਹਟਾਉਣ ਨਾਲ ਉਸਦੀ ਸ਼ਹਾਦਤ ਨੂੰ ਨਹੀਂ ਮਿਟਾਇਆ ਜਾ ਸਕਦਾ | ਚੰਗਾ ਹੁੰਦਾ ਕਿ ਨਵੇਂ ਗੇਟ 'ਤੇ ਵੀ ਸ਼ਹੀਦ ਲੈਫਟੀਨੈਂਟ ਮਨਪ੍ਰੀਤ ਸਿੰਘ ਗੋਲਡੀ ਯਾਦਗਾਰੀ ਗੇਟ ਲਿਖਿਆ ਜਾਂਦਾ | ਮਾਪਿਆਂ ਨੇ ਕਿਹਾ ਕਿ ਇਹ ਪਲ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਦੁੱਖਦਾਈ ਹੈ ਜਿਸ ਨੂੰ ਉਨ੍ਹਾਂ ਦਾ ਦਿਲ ਤੇ ਦਿਮਾਗ ਸਵੀਕਾਰਨ ਲਈ ਵੀ ਤਿਆਰ ਨਹੀਂ ਹੈ | ਇਸਨੂੰ ਪੰਜਾਬ ਸਰਕਾਰ ਦੇ ਫ਼ੈਸਲੇ ਦੇ ਉਲਟ ਕਰਾਰ ਦਿੰਦਿਆਂ ਉਨ੍ਹਾਂ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਜਾਂਚ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ | ਅਖ਼ੀਰ ਵਿਚ ਉਨ੍ਹਾਂ ਲਿਖਿਆ ਹੈ ਕਿ ਪੰਜਾਬ ਹਮੇਸ਼ਾਂ ਬਹਾਦਰ ਸੈਨਿਕਾਂ ਦੀ ਧਰਤੀ ਰਹੀ ਹੈ ਤੇ ਇਸ ਜਰਖੇਜ਼ ਧਰਤੀ ਦੇ ਸ਼ਹੀਦਾਂ ਦੀ ਯਾਦ ਨੂੰ ਸੰਭਾਲਣਾ ਸਾਰੇ ਪੰਜਾਬੀਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ | ਇਸ ਸਬੰਧ ਵਿਚ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਉਹ ਜਲਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲ ਕਰਨਗੇ | ਉਨ੍ਹਾਂ ਕਿਹਾ ਕਿ ਸ਼ਹੀਦ ਮਨਪ੍ਰੀਤ ਸਿੰਘ ਗੋਲਡੀ ਦੀ ਵੱਡੀ ਕੁਰਬਾਨੀ ਹੈ ਤੇ ਸਕੂਲ ਦੇ ਗੇਟ 'ਤੇ ਲਾਜ਼ਮੀ ਸ਼ਹੀਦ ਦਾ ਨਾਂਅ ਲਿਖਿਆ ਜਾਵੇਗਾ |