ਜਗਰਾਉਂ, 12 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਵਰਿੰਦਾਵਨ (ਉੱਤਰ ਪ੍ਰਦੇਸ਼) ਘਾਟ 'ਤੇ ਵਾਪਰੇ ਹਾਦਸੇ ਕਾਰਨ ਜਿਥੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ 11 ਸ਼ਰਧਾਲੂਆਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ 5 ਜਗਰਾਉਂ ਸ਼ਹਿਰ ਦੇ ਵਾਸੀ ਸਨ | ਉਨ੍ਹਾਂ ਪਰਿਵਾਰਾਂ ਨਾਲ ਅੱਜ ਸਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਆਪਣੇ ਸਾਥੀਆਂ ਨਾਲ ਸਾਰੇ ਪਰਿਵਾਰਾਂ ਨਾਲ ਦੁੱਖ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਹਾਦਸਾ ਅਣ-ਗਹਿਲੀ ਨਾਲ ਕਾਰਨ ਵਾਪਰਿਆ ਹੈ, ਘਾਟ 'ਤੇ ਨਾ ਸੁਰੱਖਿਆ ਦੇ ਪ੍ਰਬੰਧ ਸਨ ਤੇ ਨਾ ਹੀ ਕਿਸ਼ਤੀ (ਇਸਟੀਬਰ) 'ਚ ਸੁਰੱਖਿਅਤ ਜੈਕਟਾਂ ਦਾ ਪ੍ਰਬੰਧ ਸੀ, ਇਹ ਕਾਰਨ ਵੱਡਾ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ | ਉਨ੍ਹਾਂ ਕਿਹਾ ਕਿ ਇਸ ਹਾਦਸੇ ਲਈ ਉੱਤਰ ਪ੍ਰਦੇਸ਼ ਦਾ ਪ੍ਰਸ਼ਾਸਨ ਜਿੰਮੇਵਾਰ ਹੈ | ਸਾਹੀ ਇਮਾਮ ਨੇ ਕਿਹਾ ਕਿ ਕੇਂਦਰ, ਉੱਤਰ ਪ੍ਰਦੇਸ਼ ਅਤੇ ਪੰਜਾਬ ਸਰਕਾਰ ਨੇ ਇਸ ਹਾਦਸੇ ਦੇ ਸ਼ਿਕਾਰ ਪਰਿਵਾਰਾਂ ਨੂੰ ਕੋਈ ਮਾਲੀ ਮੱਦਦ ਕਾਰਨ ਦਾ ਐਲਾਨ ਨਹੀਂ ਕੀਤਾ | ਸਾਹੀ ਇਮਾਮ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਤਿੰਨੇ ਸਰਕਾਰਾਂ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਆਰਥਿਕ ਮੱਦਦ ਦੇਣ ਦਾ ਐਲਾਨ ਕਰਦੀਆਂ | ਉਨ੍ਹਾਂ ਕਿਹਾ ਕਿ ਜਿਥੇ ਪੰਜਾਬੀ ਭਾਈਚਾਰਾ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹੈ, ਉਥੇ ਮੁਸਲਿਮ ਸਮਾਜ ਵੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਨ ਅਤੇ ਪਰਿਵਾਰਾਂ ਨਾਲ ਖੜਨਗੇ | ਇਸ ਮੌਕੇ ਮਸਕੀਮ, ਮੁਹੰਮਦ ਨਵਾਬ, ਮੁਹੱਮਦ ਅਸ਼ਰਫ਼ ਪੱਪੀ, ਡਾ. ਤਾਜ ਮੁਹੰਮਦ ਆਦਿ ਹਾਜ਼ਰ ਸਨ |