ਹੰਬੜਾਂ, 16 ਅਪ੍ਰੈਲ (ਮੇਜਰ ਹੰਬੜਾਂ)-ਸੀ.ਬੀ.ਐੱਸ.ਈ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਆਂ 'ਚ ਕਸਬਾ ਹੰਬੜਾਂ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਨਿਊ ਜੀ.ਐੱਮ.ਟੀ ਪਬਲਿਕ ਸਕੂਲ ਭੱਠਾਧੂਹਾ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਪਿ੍ੰਸੀਪਲ ਮੈਡਮ ਕਨਿਕਾ ਸੱਚਦੇਵਾ ਨੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਨਿਊ ਜੀ.ਐੱਮ.ਟੀ ਸਕੂਲ ਭੱਠਾਧੂਹਾ ਲਈ ਇਸ ਸਾਲ ਦਸਵੀਂ ਜਮਾਤ ਦਾ ਨਤੀਜਾ ਬਹੁਤ ਹੀ ਗੌਰਵਮਈ ਅਤੇ ਪ੍ਰੇਰਣਾਦਾਇਕ ਰਿਹਾ | ਪਿ੍ੰ: ਸੱਚਦੇਵਾ ਨੇ ਦੱਸਿਆ ਕਿ ਦਸਵੀਂ ਦੇ ਨਤੀਜੇ 'ਚ ਵਿਦਿਆਰਥੀ ਸੋਨੰੂ ਨੇ 94.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਨਮੋਲਪ੍ਰੀਤ ਕੌਰ ਨੇ 92 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਵਿਦਿਆਰਥੀ ਵਿਨੈ ਨੇ 91.8 ਫ਼ੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ | ਇਸ ਸਮੇਂ ਸਕੂਲ ਦੇ ਡਾਇਰੈਕਟਰ ਜਸਵੀਰ ਸਿੰਘ ਥਿੰਦ ਅਤੇ ਪਿ੍ੰਸੀਪਲ ਡਾ. ਕਨਿਕਾ ਸੱਚਦੇਵਾ ਨੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਤੀਜੇ ਸਕੂਲ ਦੀ ਉੱਚ ਸਿੱਖਿਆ ਪ੍ਰਣਾਲੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹਨ | ਡਾਇ: ਥਿੰਦ ਨੇ ਕਿਹਾ ਕਿ ਪਿ੍ੰਸੀਪਲ ਕਨਿਕਾ ਸੱਚਦੇਵਾ ਦੀ ਯੋਗ ਅਗਵਾਈ ਹੇਠ ਨਿਊ ਜੀ.ਐੱਮ.ਟੀ ਪਬਲਿਕ ਸਕੂਲ ਭੱਠਾਧੂਹਾ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਸਿੱਖਿਆ ਦੇ ਖੇਤਰ ਵਿਚ ਉੱਚ ਮਿਆਰ ਕਾਇਮ ਰੱਖਣ ਵਿਚ ਅੱਗੇ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਸ਼ਾਨਦਾਰ ਨਤੀਜੇ ਪ੍ਰਾਪਤ ਕਰਦਾ ਰਹੇਗਾ |