ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੇ ਸਾਬਕਾ ਡੀ.ਜੀ.ਪੀ ਬੀਰਇੰਦਰ ਸਿੰਘ ਸਿੱਧੂ ਦੁਬਾਰਾ ਪ੍ਰਧਾਨ ਬਣੇ
ਅਜੀਤ ਡੈਸਕ
17-04-2026
ਚੌਂਕੀਮਾਨ, 16 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੇ ਸਮੁੱਚੇ ਮੈਂਬਰ ਸਹਿਬਾਨਾਂ ਦੀ ਮੀਟਿੰਗ ਟਰੱਸਟ ਦੇ ਦਫ਼ਤਰ ਵਿਚ ਹੋਈ ਜਿੱਥੇ ਸਮੁੱਚੇ ਮੈਂਬਰ ਸਹਿਬਾਨਾਂ ਨੇ ਸਰਬਸੰਮਤੀ ਨਾਲ ਸਾਬਕਾ ਡੀ.ਜੀ.ਪੀ ਬੀਰਇੰਦਰ ਸਿੰਘ ਸਿੱਧੂ ਨੂੰ ਪ੍ਰਧਾਨ, ਪ੍ਰਦੀਪ ਸਿੰਘ ਸਿੱਧੂ ਨੂੰ ਮੈਨੇਜਰ, ਪ੍ਰੀਤਮ ਸਿੰਘ ਜੌਹਲ ਨੂੰ ਸੈਕਟਰੀ ਅਤੇ ਹਰਮੇਲ ਸਿੰਘ ਸਿੱਧੂ, ਕਿ੍ਪਾਲ ਸਿੰਘ ਭੱਠਲ, ਜਰਨੈਲ ਸਿੰਘ ਢਿੱਲੋਂ ਤੇ ਦਵਿੰਦਰ ਸਿੰਘ ਮਾਨ ਨੂੰ ਟਰੱਸਟ ਦਾ ਮੈਂਬਰ ਚੁਣ ਲਿਆ ਗਿਆ | ਇਸ ਮੌਕੇ ਟਰੱਸਟ ਦੇ ਚੁਣੇ ਹੋਏ ਆਹੁਦੇਦਾਰਾਂ ਤੇ ਮੈਂਬਰ ਸਹਿਬਾਨਾਂ ਨੇ ਦੱਸਿਆ ਕਿ ਮੀਟਿੰਗ ਵਿਚ ਡਾ. ਗੁਰਿੰਦਰ ਸਿੰਘ ਗਰੇਵਾਲ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕੇ ਸਿੱਧਵਾਂ ਵਿੱਦਿਅਕ ਸੰਸਥਾਵਾਂ ਪੈਡੂ ਇਲਾਕੇ ਵਿਚ ਕਿਸੇ ਵੀ ਜਾਣ ਪਹਿਚਾਣ ਦੀਆਂ ਮੁਹਤਾਜ ਨਹੀ ਹਨ ਸਗੋ ਇੱਥੋ ਪੜ੍ਹ ਕੇ ਗਏ ਵਿਦਿਆਰਥੀਆਂ ਦੇਸ਼ਾਂ-ਵਿਦੇਸ਼ਾਂ ਵਿਚ ਉੱਚ ਅਹੁਦਿਆਂ 'ਤੇ ਕੰਮ ਕਰ ਰਹੇ ਹਨ | ਇਸ ਮੌਕੇ ਪ੍ਰਧਾਨ ਸਾਬਕਾ ਡੀ.ਜੀ.ਪੀ ਬੀਰਇੰਦਰ ਸਿੰਘ ਸਿੱਧੂ, ਮੈਨੇਜਰ ਪ੍ਰਦੀਪ ਸਿੰਘ ਸਿੱਧੂ ਤੇ ਸੈਕਟਰੀ ਪ੍ਰੀਤਮ ਸਿੰਘ ਜੌਹਲ ਨੇ ਦੱਸਿਆ ਕਿ ਸਿੱਧਵਾਂ ਵਿੱਦਿਅਕ ਸੰਸਥਾਵਾਂ ਵਿਚ ਵਿਦਿਆਰਥੀਆਂ ਨੂੰ ਸਹੂਲਤ ਦਿੰਦੇ ਹੋਏ ਇੰਨਡੋਰ ਸਟੇਡੀਅਮ ਜਲਦੀ ਬਣ ਕੇ ਤਿਆਰ ਹੋ ਜਾਵੇਗਾ, ਜਿਸ ਵਿਚ ਸਾਰੀਆਂ ਖੇਡਾਂ ਦੀ ਪ੍ਰੈਕਟਿਸ ਦੇ ਨਾਲ-ਨਾਲ ਖੇਡਾਂ ਖੇਡੀਆਂ ਜਾਇਆ ਕਰਨਗੀਆਂ | ਇਸ ਮੌਕੇ ਹਰਮੇਲ ਸਿੰਘ ਸਿੱਧੂ, ਕਿ੍ਪਾਲ ਸਿੰਘ ਭੱਠਲ, ਜਰਨੈਲ ਸਿੰਘ ਢਿੱਲੋਂ ਤੇ ਦਵਿੰਦਰ ਸਿੰਘ ਮਾਨ ਨੇ ਕਿਹਾ ਕਿ ਸਿੱਧਵਾਂ ਵਿੱਦਿਅਕ ਸੰਸਥਾਵਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਹਰ ਸਹੂਲਤ ਮੁਹੱਈਆਂ ਕਰਵਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਦਾ ਉਜਵਲ ਭਵਿੱਖ ਬਣ ਸਕੇ |