ਹੰਬੜਾਂ, 16 ਅਪ੍ਰੈਲ (ਮੇਜਰ ਹੰਬੜਾਂ)-ਅੱਜ ਜਦੋਂ ਕਿਸਾਨ ਆਪਣੀ ਪੱਕ ਚੁੱਕੀ ਕਣਕ ਦੀ ਫ਼ਸਲ ਨੂੰ ਸੰਭਾਲਣ 'ਚ ਲੱਗਾ ਹੋਇਆ ਹੈ ਤੇ ਇੱਥੇ ਸਾਨੂੰ ਬਹੁਤ ਹੀ ਸਾਵਧਾਨੀ ਨਾਲ ਕਣਕ ਦੀ ਵਾਢੀ ਦੇ ਕੰਮਾਂ ਨੂੰ ਨਬੇੜੇ ਜਾਣਾ ਚਾਹੀਦਾ ਹੈ ਤੇ ਜਿਨ੍ਹਾਂ ਸਮਾਂ ਕਣਕ ਦੀ ਚੱਲ ਰਹੀ ਵਾਢੀ ਦੇ ਕੰਮ ਨਿੱਬੜ ਨਹੀਂ ਜਾਂਦੇ, ਸਾਨੂੰ ਕਣਕ ਦੇ ਵੱਢਾਂ ਨੂੰ ਅੱਗ ਲਗਾਏ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਇਹ ਪ੍ਰਗਟਾਵਾ ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ ਨੇ ਕਿਸਾਨਾਂ ਨੂੰ ਕਣਕ ਦੇ ਵੱਢਾਂ ਨੂੰ ਅੱਗ ਲਗਾਏ ਜਾਣ ਤੋਂ ਗੁਰੇਜ਼ ਕੀਤੇ ਜਾਣ ਦੀ ਅਪੀਲ ਕਰਦਿਆਂ ਕੀਤਾ | ਪ੍ਰਧਾਨ ਚਾਵਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਖੇਤਾਂ ਨੂੰ ਬਿਨਾਂ ਅੱਗ ਲਗਾਏ ਹੀ ਝੋਨਾ ਲਗਾਏ ਜਾਣ ਲਈ ਤਿਆਰ ਕੀਤਾ ਜਾਵੇ, ਜਿਸ ਲਈ ਖੇਤੀਬਾੜੀ ਸਭਾ ਹੰਬੜਾਂ ਕੋਲ ਕਿਸਾਨਾਂ ਦੀ ਸਹੂਲਤ ਲਈ ਮਸ਼ੀਨਰੀ ਮੌਜੂਦ ਹੈ | ਉਨ੍ਹਾਂ ਕਿਹਾ ਕਿ ਕਈ ਵਾਰ ਕਿਸਾਨ ਪਨੀਰੀ ਲਈ ਖੇਤ ਤਿਆਰ ਕਰਨ ਲਈ ਕਣਕ ਦੇ ਵੱਢ ਨੂੰ ਅੱਗ ਲਗਾਅ ਦਿੰਦਾ ਹੈ, ਜਿਸ ਨਾਲ ਲੱਗਦੇ ਖੇਤਾਂ 'ਚ ਖੜੇ ਕਣਕ ਦੇ ਖੇਤਾਂ ਨੂੰ ਅੱਗ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਜਾਂ ਫਿਰ ਕਿਸਾਨਾਂ ਵਲੋਂ ਤੂੜੀ ਬਣਾਏ ਜਾਣ ਲਈ ਰੱਖੇ ਕਣਕ ਦੇ ਵੱਢਾਂ ਨੂੰ ਅੱਗ ਲੱਗ ਜਾਂਦੀ ਹੈ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ, ਜਿਸ ਪਾਸੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ | ਪ੍ਰਧਾਨ ਚਾਵਲਾ ਨੇ ਹੋਰ ਕਿਹਾ ਕਿ ਅੱਗਾਂ ਲਗਾਏ ਜਾਣ ਨਾਲ ਸਾਡਾ ਵਾਤਾਵਰਨ ਵੀ ਪਲੀਤ ਹੁੰਦਾ ਹੈ ਇਸ ਲਈ ਖੇਤਾਂ 'ਚ ਅੱਗਾਂ ਲਗਾਏ ਜਾਣ ਤੋਂ ਕਿਸਾਨ ਨੂੰ ਗਰੇਜ਼ ਕੀਤਾ ਜਾਣਾ ਚਾਹੀਦਾ ਹੈ |