ਮੁੱਲਾਂਪੁਰ-ਦਾਖਾ, 18 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਆਪਣੀ ਪੁਸ਼ਤੈਨੀ ਧਰਤੀ ਭਾਵ ਪੁਰਖਿਆਂ ਦੀ ਜ਼ਮੀਨ ਨਾਲ ਜੁੜਿਆ ਸ੍ਰੀ ਨਿਵਾਸ ਭਾਰਦਵਾਜ਼ ਦਾ ਸਪੁੱਤਰ ਅਜੇ ਭਾਰਦਵਾਜ਼ ਗਾਹੇ ਬਗਾਹੇ ਆਪਣੇ ਪਿੰਡ ਰੱਤੋਵਾਲ, ਖ਼ਾਸਕਰ ਸਕੂਲਾਂ ਦੀ ਬਿਹਤਰੀ ਲਈ ਤਤਪਰ ਰਹਿੰਦਾ ਹੈ | ਸਰਕਾਰੀ ਮਿਡਲ ਸਕੂਲ ਰੱਤੋਵਾਲ ਦੇ ਮੁੱਖ ਅਧਿਆਪਕ ਪਰਦੀਪ ਸਿੰਘ, ਹੋਰ ਅਧਿਆਪਕਾਂ ਵਲੋਂ ਪੀ.ਟੀ.ਏ ਮੈਂਬਰ/ਸਾਬਕਾ ਸਰਪੰਚ ਗੁਰਬਚਨ ਸਿੰਘ ਧਾਲੀਵਾਲ, ਸਰਪੰਚ ਰਵਿੰਦਰ ਸਿੰਘ ਮੋਤੀ, ਗ੍ਰਾਮ ਪੰਚਾਇਤ ਮੈਂਬਰਾਂ ਪੀ.ਟੀ.ਏ ਉੱਪ ਚੇਅਰਮੈਨ ਜਤਿੰਦਰ ਕੌਰ ਦੇ ਸਹਿਯੋਗ ਨਾਲ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਵਿਚ ਅਜੇ ਭਾਰਦਵਾਜ਼ ਵਲੋਂ ਬੱਚਿਆਂ ਨੂੰ ਨਗਦ ਸਹਾਇਤਾ, ਸਨਮਾਨ ਚਿੰਨ੍ਹ ਦਿੱਤੇ ਗਏ | ਅੱਠਵੀਂ ਜਮਾਤ ਬੋਰਡ ਪ੍ਰੀਖਿਆ ਸਮੇਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਗੁਰਜੋਤ ਕੌਰ ਨੂੰ 2 ਹਜ਼ਾਰ, ਦੂਸਰਾ ਸਥਾਨ ਰੀਤੂ ਕੌਰ 15 ਸੌ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੀ ਜੈਸਮੀਨ ਕੌਰ ਨੂੰ 15 ਸੌ ਰੁਪਏ, ਯਾਦਗਾਰ ਟਰਾਫ਼ੀ ਅਜੇ ਭਾਰਦਵਾਜ਼ ਵਲੋਂ ਦੇਣ ਸਮੇਂ ਨੰਬਰਦਾਰ/ਮਹਿਲਾ ਪੰਚ ਕੁਲਵੰਤ ਕੌਰ ਧਾਲੀਵਾਲ, ਪੰਚ ਕਮਲਜੀਤ ਕੌਰ, ਗ੍ਰੰਥੀ ਸਿੰਘ ਬਲਜੀਤ ਸਿੰਘ ਸਮੇਤ ਸਮੁੱਚੇ ਅਧਿਆਪਕ ਮੌਜੂਦ ਰਹੇ | ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਨੂੰ ਸੰਬੋਧਨ ਹੁੰਦਿਆਂ ਸ੍ਰੀ ਅਜੇ ਭਾਰਦਵਾਜ਼ ਬੱਚਿਆਂ ਨੂੰ ਸੁਨੇਹਾ ਦਿੱਤਾ ਕਿ ਮਾਤਾ-ਪਿਤਾ ਦਾ ਸਤਿਕਾਰ ਕੀਤਾ ਜਾਵੇ, ਇਹ ਸਾਡੇ ਸੱਭਿਅਕ ਸਮਾਜ ਦੀ ਨਿਸ਼ਾਨੀ ਹੈ | ਉਨ੍ਹਾਂ ਕਿਹਾ ਕਿ ਸਫ਼ਲ ਹੋਣ ਲਈ ਦਿ੍ੜ ਨਿਸਚਾ ਚਾਹੀਦਾ, ਹਰ ਗੱਲ ਸਮਾਂ ਮੰਗਦੀ ਹੈ, ਕਦੀ ਵੀ ਦੌੜ ਤੋਂ ਬਾਹਰ ਨਹੀਂ ਹੋਣਾ ਚਾਹੀਦਾ | ਉਨ੍ਹਾਂ ਅਧਿਆਪਕਾਂ ਨੂੰ ਵੀ ਪ੍ਰੇਰਿਆ ਕਿ ਅਧਿਆਪਕ ਦੀ ਪਹਿਚਾਣ ਵੀ ਵਿਦਿਆਰਥੀ ਨਾਲ ਹੀ ਹੈ, ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ, ਸੰਵੇਦਨਸ਼ੀਲਤਾ ਦਾ ਪਾਠ ਪੜ੍ਹਾਇਆ ਜਾਵੇ | ਨੌਜਵਾਨ ਪੀੜ੍ਹੀ 'ਚ ਵੱਧ ਰਹੇ ਨਸ਼ੇ 'ਤੇ ਚਿੰਤਤ ਹੁੰਦਿਆਂ ਅਜੇ ਭਾਰਦਵਾਜ਼ ਸਮਾਰੋਹ 'ਚ ਸ਼ਾਮਿਲ ਸਰਪੰਚ, ਸਾਬਕਾ ਸਰਪੰਚ, ਗ੍ਰਾਮ ਪੰਚਾਇਤ ਮੈਂਬਰਾਂ ਨੂੰ ਅਪੀਲ ਕੀਤੀ ਕਿ ਨਸ਼ਾਬੰਦੀ ਲਈ ਅੱਗੇ ਆਇਆ ਜਾਵੇ | ਸਕੂਲ ਮੁਖੀ ਵੀਰਪਾਲ ਕੌਰ, ਸਮੁੱਚੇ ਅਧਿਆਪਕ ਜਸਵੀਰ ਸਿੰਘ, ਪ੍ਰਭਜੋਤ ਕੌਰ, ਪ੍ਰਾਇਮਰੀ ਸਕੂਲ ਮੁਖੀ ਮੈਡਮ ਮਮਤਾ, ਬਲਵਿੰਦਰ ਸਿੰਘ, ਜੋਤਵੀਰ ਕੌਰ, ਭੁਪਿੰਦਰ ਕੌਰ, ਵਰਿੰਦਰ ਕੌਰ, ਬਲਜਿੰਦਰ ਕੌਰ ਵਲੋਂ ਸਮਾਰੋਹ ਦੇ ਮੁੱਖ ਮਹਿਮਾਨ ਅਜੇ ਭਾਰਦਵਾਜ਼ ਦਾ ਸਨਮਾਨ ਕੀਤਾ ਗਿਆ | ਸਰਪੰਚ ਰਵਿੰਦਰ ਸਿੰਘ ਮੋਤੀ ਵਲੋਂ ਭਾਰਦਵਾਜ਼ ਪਰਿਵਾਰ ਦਾ ਧੰਨਵਾਦ ਕੀਤਾ, ਜੋ ਨਗਰ ਰੱਤੋਵਾਲ ਤੋਂ ਕੋਹਾਂ ਦੂਰ ਰਹਿ ਕੇ ਵੀ ਆਪਣੇ ਪੁਰਖਿਆਂ ਦੀ ਜ਼ਮੀਨ ਨਾਲ ਜੁੜਿਆ ਹੋਇਆ |
ਅਜੇ ਭਾਰਦਵਾਜ ਨੇ ਸਰਕਾਰੀ ਮਿਡਲ ਸਕੂਲ ਰੱਤੋਵਾਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ
ਅਜੀਤ ਡੈਸਕ
19-04-2026