ਹਠੂਰ, 18 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਗਰਮੀ ਦੀ ਅਜੇ ਸ਼ੁਰੂਆਤ ਹੀ ਹੋਈ ਹੈ ਕਿ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ | ਦਿਨ ਸਮੇਂ ਤਾਂ ਪਾਵਰਕਾਮ ਵਲੋਂ ਬਿਜਲੀ ਸਪਲਾਈ ਇਹ ਕਹਿ ਬੰਦ ਕੀਤੀ ਜਾ ਰਹੀ ਹੈ ਕਿ ਕਣਕ ਦੀ ਫ਼ਸਲ ਪੱਕੀ ਹੋਣ ਕਰਕੇ ਉਹ ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਬਿਜਲੀ ਬੰਦ ਰੱਖਦੇ ਹਨ, ਪਰ ਰਾਤ ਸਮੇਂ ਵੀ ਬਿਜਲੀ ਪਿਛਲੇ ਇਕ ਹਫ਼ਤੇ ਤੋਂ ਬਿਨ੍ਹਾਂ ਵਜ੍ਹਾ ਕੱਟ ਕੀਤੀ ਜਾ ਰਹੀ ਹੈ, ਜਿਸ ਕਰਕੇ ਘਰਾਂ ਅੰਦਰ ਗਰਮੀ ਕਾਰਨ ਲੋਕਾਂ ਦਾ ਹੁਣੇ ਤੋਂ ਬੁਰਾ ਹਾਲ ਹੋ ਗਿਆ ਹੈ | ਬੀਤੀ ਕੱਲ੍ਹ ਵੀ ਦਿਨ ਸਮੇਂ ਬਿਜਲੀ ਬੰਦ ਰਹਿਣ ਉਪਰੰਤ ਜਦ ਸ਼ਾਮ ਨੂੰ ਬਿਜਲੀ ਆਈ ਤਾਂ ਘੰਟੇ ਕੁ ਬਾਅਦ ਸਾਢੇ ਅੱਠ ਵਜੇ ਤੱਕ ਦਾ ਕੱਟ ਲੱਗ ਗਿਆ | ਸਾਢੇ ਅੱਠ ਵਜੇ ਤੱਕ ਬਿਜਲੀ ਨਾ ਆਉਣ ਸਬੰਧੀ ਜਦ ਪਾਵਰਕਾਮ ਦੇ ਸਥਿਤ ਰਸੂਲਪੁਰ ਗਰਿੱਡ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ 10 ਵਜੇ ਤੱਕ ਕੱਟ ਵਧ ਗਿਆ ਹੈ | ਸਾਢੇ 10 ਵਜੇ ਤੱਕ ਬਿਜਲੀ ਨਾ ਆਉਣ ਸਬੰਧੀ ਜਦ ਫਿਰ ਗਰਿੱਡ 'ਤੇ ਕਾਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ 12 ਵਜੇ ਤੱਕ ਪਾਵਰਕੱਟ ਲੱਗ ਗਿਆ ਹੈ | ਹੈਰਾਨੀ ਦੀ ਗੱਲ ਜਦ ਸਾਢੇ 12 ਵਜੇ ਰਾਤ ਤੱਕ ਵੀ ਬਿਜਲੀ ਨਾ ਆਈ ਤਾਂ ਫਿਰ ਸੰਪਰਕ ਕੀਤਾ ਤਾਂ ਮੌਜੂਦਾ ਕਰਮਚਾਰੀ ਨੇ ਦੱਸਿਆ ਕਿ ਹੁਣ ਇਕ ਪਾਵਰਕੱਟ ਤੜਕੇ 2 ਵਜੇ ਤੱਕ ਵਧ ਗਿਆ ਹੈ | ਜਦ ਉਸ ਨੂੰ ਪੁੱਛਿਆ ਕਿ ਕੀ ਗਰਿੱਡ ਵਿਚ ਵੀ ਬਿਜਲੀ ਨਹੀਂ ਹੈ ਤਾਂ ਉਸਨੇ ਕਿਹਾ ਗਰਿੱਡ ਵਿਚ ਤਾਂ ਬਿਜਲੀ ਹੈ, ਪਰ ਪਾਵਰ ਕੱਟ ਦੀ ਹਿਦਾਇਤ ਉਪਰੋਂ ਆਈ ਹੈ | ਇਸ ਤਰ੍ਹਾਂ ਬੀਤੀ ਰਾਤ ਵੀ ਲੋਕਾਂ ਨੇ ਬਿਜਲੀ ਨੂੰ ਉਡੀਕਦੇ ਸਾਰੀ ਰਾਤ ਜਾਗਦੇ ਜਾਗਦੇ ਲੰਘਾ ਲਈ, ਕਿਉਂਕਿ ਲੋਕਾਂ ਦੇ ਇਨਵਰਟਰ ਵੀ ਪਾਵਰ ਵੀ ਖ਼ਤਮ ਹੋ ਗਈ ਸੀ | ਹੈਰਾਨੀ ਤੇ ਪ੍ਰੇਸ਼ਾਨੀ ਵਾਲੀ ਗੱਲ ਹੈ ਕਿ ਇਹ ਪਾਵਰਕੱਟ ਕਿਸ ਦੇ ਕਹਿਣ ਤੇ ਅਤੇ ਕਿਉਂ ਲਾਏ ਜਾ ਰਹੇ ਹਨ | ਕੀ ਮਹਿਕਮੇ ਕੋਲ ਬਿਜਲੀ ਖ਼ਤਮ ਹੋ ਗਈ ਹੈ ਜਾਂ ਕੋਈ ਹੋਰ ਕਾਰਨ ਹੈ | ਹਠੂਰ ਇਲਾਕੇ ਦੇ ਸਾਰੇ ਪਿੰਡ ਦਿਨ ਦੇ ਨਾਲ-ਨਾਲ ਰਾਤਾਂ ਵੀ ਹਨੇਰੀਆਂ ਤੇ ਗਰਮੀ ਭਰੀਆਂ ਬਿਤਾਉਣ ਲਈ ਸਰਕਾਰ ਨੇ ਕਿਉਂ ਮਜ਼ਬੂਰ ਕੀਤੀਆਂ ਹਨ | ਇਸੇ ਤਰ੍ਹਾਂ ਹੀ ਪਿੰਡ ਚਕਰ ਦੇ ਦੁਖੀ ਲੋਕਾਂ ਨੇ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਦੀ ਅਗਵਾਈ ਵਿਚ ਅੱਧੀ ਰਾਤ ਨੂੰ ਪਾਵਰਕਾਮ ਦੀ ਸਬ ਡਵੀਜ਼ਨ ਲੱਖਾ ਦਾ ਘਿਰਾਉ ਕਰ ਦਿੱਤਾ ਅਤੇ ਸਮੇਂ 'ਤੇ ਹਾਜ਼ਰ ਅਧਿਕਾਰੀ/ਕਰਮਚਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਪੱਸ਼ਟ ਜਵਾਬ ਦੇਣ ਦੀ ਬਿਜਾਇ ਧਰਨਾਕਾਰੀ ਪੀੜਤ ਲੋਕਾਂ ਨਾਲ ਬਹਿਸਬਾਜ਼ੀ ਕੀਤੀ ਦੱਸੀ ਜਾਂਦੀ ਹੈ | ਪ੍ਰਧਾਨ ਬੂਟਾ ਸਿੰਘ ਚਕਰ ਦੇ ਦੋਸ਼ ਲਾਏ ਕਿ ਸਬ ਡਵੀਜ਼ਨ ਦਫਤਰ ਅੰਦਰ ਸਰਕਾਰੀ ਕਰਮਚਾਰੀ ਦੇ ਨਾਲ-ਨਾਲ ਇਕ ਹੋਰ ਗੈਰ ਕਰਮਚਾਰੀ ਵੀ ਮੌਜੂਦ ਸੀ ਜਿਸ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਉਨ੍ਹਾਂ ਨੂੰ ਬੁਰ੍ਹਾ ਭਲਾ ਬੋਲਣ ਲੱਗਾ | ਮੌਕੇ 'ਤੇ ਪੁਲਿਸ ਵੀ ਪਹੁੰਚ ਗਈ ਸੀ ਅਤੇ ਪ੍ਰਧਾਨ ਬੂਟਾ ਸਿੰਘ ਚਕਰ ਨੇ ਬਿਜਲੀ ਨਾ ਆਉਣ ਅਤੇ ਸਬੰਧਤ ਗੈਰ ਕਰਮਚਾਰੀ ਸਬੰਧੀ ਵੀ ਸ਼ਿਕਾਇਤ ਕੀਤੀ | ਇਸ ਮੌਕੇ ਹਰਦੀਪ ਸਿੰਘ ਧਾਲੀਵਾਲ, ਸੁੱਖਾ ਸਿੰਘ, ਪਿ੍ਤਪਾਲ ਸਿੰਘ ਪਿਰਤਾ, ਅਮਨ ਸਿੰਘ, ਗੋਗਾ ਸਿੰਘ, ਜੱਸੀ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ, ਹਰਮਨ ਸਿੰਘ, ਤਲਵਿੰਦਰ ਸਿੰਘ, ਮਹਾਂ ਸਿੰਘ, ਨੀਟਾ ਸਿੰਘ ਆਦਿ ਹਾਜ਼ਰ ਸਨ |