ਜਗਰਾਉਂ, 18 ਅਪ੍ਰੈਲ (ਗੁਰਦੀਪ ਸਿੰਘ ਮਲਕ)-ਮਹਾਨ ਕੌਮਾਂਤਰੀ ਮਜ਼ਦੂਰ ਦਿਵਸ ਮਨਾਉਣ ਦੇ ਸਬੰਧ 'ਚ ਸਮੂਹ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਜਗਰਾਉਂ ਵਿਖੇ ਹੋਈ | ਮੀਟਿੰਗ ਵਿਚ ਸਮੂਹ ਨੁਮਾਇੰਦਿਆਂ ਨੇ ਬੀਤੇ ਦਿਨੀਂ ਵਰਿੰਦਾਵਨ ਕਿਸ਼ਤੀ ਹਾਦਸੇ ਵਿਚ ਵਿਛੋੜਾ ਦੇ ਗਏ ਸਮੂਹ ਮਿ੍ਤਕਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਬੇਹੱਦ ਦੁੱਖਦਾਇਕ ਘਟਨਾ ਦੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਦਾ ਇਜ਼ਹਾਰ ਕੀਤਾ | ਮੀਟਿੰਗ ਵਿਚ ਇਸ ਹਾਦਸੇ ਲਈ ਯੋਗੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀੰ ਮੰਗ ਕੀਤੀ ਗਈ | ਮੀਟਿੰਗ ਵਿਚ ਨੋਇਡਾ, ਮਾਨੇਸਰ ਅਤੇ ਹੋਰਨਾਂ ਸ਼ਹਿਰਾਂ ਵਿਚ ਸਨਅਤੀ ਮਜ਼ਦੂਰਾਂ ਦੇ ਹੱਕੀ ਅੰਦੋਲਨ ਦੀ ਹਮਾਇਤ ਕਰਦਿਆਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਦੀ ਥਾਂ ਅੰਨੇ ਪੁਲਿਸ ਜ਼ਬਰ ਦੀ ਸਖ਼ਤ ਨਿੰਦਾ ਦਾ ਮਤਾ ਪਾਸ ਕਰਦਿਆਂ ਕਿਹਾ ਕਿ ਭਾਜਪਾ ਰਾਜ ਅਸਲ 'ਚ ਹਿਟਲਰ ਰਾਜ ਹੈ | ਮੀਟਿੰਗ ਵਿਚ ਮਜ਼ਦੂਰ ਅੰਦੋਲਨ ਦੇ ਹੱਕ 'ਚ 24 ਅਪ੍ਰੈਲ ਨੂੰ ਕਮੇਟੀ ਪਾਰਕ ਜਗਰਾਉਂ ਵਿਖੇ ਸ਼ਾਮ 5 ਵਜੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ | ਮੀਟਿੰਗ ਵਿਚ ਪਹਿਲੀ ਮਈ ਮਹਾਨ ਕੌਮਾਂਤਰੀ ਮਜ਼ਦੂਰ ਦਿਵਸ 'ਤੇ ਜਗਰਾਉਂ ਬੱਸ ਸਟੈਂਡ ਵਿਖੇ ਸਵੇਰੇ 10:30 ਵਜੇ ਕਿਰਤੀ ਕਾਨਫ਼ਰੰਸ ਕਰਨ ਦਾ ਫ਼ੈਸਲਾ ਕੀਤਾ ਗਿਆ | ਇਸ ਕਾਨਫ਼ਰੰਸ ਵਿਚ ਬੁਲਾਰੇ ਦੇਸ਼ ਦੁਨੀਆਂ 'ਚ ਕਿਰਤੀ ਵਰਗ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਚਰਚਾ ਕਰਨਗੇ | ਉਪਰੰਤ ਸ਼ਰਧਾਂਜਲੀ ਮਾਰਚ ਕੀਤਾ ਜਾਵੇਗਾ | ਮੀਟਿੰਗ ਵਿਚ ਕੰਵਲਜੀਤ ਖੰਨਾ, ਬਲਰਾਜ ਸਿੰਘ ਕੋਟਉਮਰਾ, ਅਵਤਾਰ ਸਿੰਘ ਗਗੜਾ, ਅਸ਼ੋਕ ਭੰਡਾਰੀ, ਮਾਸਟਰ ਅਵਤਾਰ ਸਿੰਘ, ਜਗਦੀਸ਼ ਸਿੰਘ ਕਾਉਂਕੇ, ਰਣਜੀਤ ਸਿੰਘ ਮੋਂਟੀ, ਪਿ੍ਤਪਾਲ ਸਿੰਘ, ਬੂਟਾ ਸਿੰਘ ਹਾਂਸ, ਬਲਵਿੰਦਰ ਸਿੰਘ ਕਾਨੂੰਗੋ, ਬਲਦੇਵ ਸਿੰਘ ਫੌਜੀ, ਅਮੀਰ ਸਿੰਘ, ਹਰਬੰਸ ਲਾਲ ਆਦਿ ਹਾਜ਼ਰ ਸਨ |