ਹੰਬੜਾਂ, 18 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)-ਗ੍ਰਾਮ ਪੰਚਾਇਤ ਹੰਬੜਾਂ, ਐੱਨ.ਆਰ.ਆਈ. ਵੀਰਾਂ ਤੇ ਸਪੋਰਟਸ ਕਲੱਬ ਵਲੋਂ ਹੰਬੜਾਂ ਦੀ ਫੁੱਟਬਾਲ ਟੀਮ ਦੇ ਉੱਭਰਦੇ ਖਿਡਾਰੀਆਂ ਨੂੰ ਵਰਦੀਆਂ ਦੀ ਵੰਡ ਸਪੋਰਟਸ ਕਲੱਬ ਪ੍ਰਧਾਨ ਕਾਰਜ ਸਿੰਘ ਬਾਠ, ਸਰਪੰਚ ਚਰਨ ਸਿੰਘ ਗੁਰੁ, ਡਾਇਰੈਕਟਰ ਗੁਰਚਰਨ ਸਿੰਘ ਬਾਠ ਤੇ ਹੋਰ ਪਤਵੰਤਿਆਂ ਦੀ ਅਗਵਾਈ ਹੇਠ ਹੰਬੜਾਂ ਦੇ ਖੇਡ ਗਰਾਊਾਡ ਵਿਚ ਕੀਤੀ ਗਈ | ਇਸ ਦੌਰਾਨ ਸਰਪੰਚ ਗੁਰੂ ਤੇ ਪ੍ਰਧਾਨ ਬਾਠ ਨੇ ਕਿਹਾ ਕਿ ਨੌਜਵਾਨ ਵਰਗ ਸਾਡੇ ਦੇਸ਼ ਦਾ ਰੋਸ਼ਨਮਈ ਭਵਿੱਖ ਹਨ ਤੇ ਖੇਡਾਂ ਸਾਡੇ ਸਮਾਜ ਵਿਚ ਵਿਚਰਦਿਆਂ ਜ਼ਿੰਦਗੀ ਦੀ ਸਹੀ ਤਰਜਮਾਨੀ ਕਰਦੀਆਂ ਹਨ | ਇਸ ਲਈ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਾਉਣ ਦੇ ਮੰਤਵ ਨਾਲ ਸਾਨੂੰ ਖੇਡ ਮੇਲਿਆਂ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵਰਦੀਆਂ ਜਾਂ ਮਾਲੀ ਸਹਾਇਤਾ ਦੇਣ ਵਰਗੇ ਉਪਰਾਲੇ ਸਮਾਜ ਲਈ ਕਾਰਗਰ ਸਾਬਿਤ ਹੁੰਦੇ ਹਨ | ਇਸ ਮੌਕੇ ਸਰਪੰਚ ਗੁਰੂ ਨੇ ਕਿਹਾ ਕਿ ਮਾਨ ਸਰਕਾਰ ਦੀ ਅਗਵਾਈ ਹੇਠ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਾਕਾਰਤਮਕ ਰੋਲ ਅਦਾ ਕਰ ਰਹੇ ਹਨ | ਇਸ ਦੌਰਾਨ ਕਲੱਬ ਪ੍ਰਧਾਨ ਬਾਠ ਨੇ ਖਿਡਾਰੀਆਂ ਦੀਆਂ ਵਰਦੀਆਂ ਦੇਣ ਤੇ ਖੇਡ ਮੇਲਿਆਂ ਲਈ ਮਾਲੀ ਯੋਗਦਾਨ ਪਾਉਣ ਲਈ ਚੀਨਾ ਜਰਮਨੀ ਸਮੇਤ ਸਮੂਹ ਵਿਦੇਸ਼ੀ ਵੀਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਸਰਪੰਚ ਗੁਰੂ ਨੇ ਕਿਹਾ ਕਿ ਗ੍ਰਾਮ ਪੰਚਾਇਤ ਹੰਬੜਾਂ ਖਿਡਾਰੀਆਂ ਦੀ ਸਹਾਇਤਾ ਲਈ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦੇਣ ਲਈ ਪਹਿਲਾਂ ਵਾਂਗ ਹਮੇਸ਼ਾਂ ਤੱਤਪਰ ਰਹੇਗੀ | ਇਸ ਸਮੇਂ ਸੁਖਜੀਤ ਸਿੰਘ ਬਾਠ, ਪੰਚ ਖੁਸ਼ਪ੍ਰੀਤ ਸਿੰਘ ਥਿੰਦ, ਅਜੀਤ ਸਿੰਘ ਢਿੱਲੋਂ, ਡਾਇਰੈਕਟਰ ਗੁਰਚਰਨ ਸਿੰਘ ਬਾਠ, ਪੰਚ ਕੁਲਵਿੰਦਰ ਸਿੰਘ ਸਹੋਤਾ, ਲਵਲੀ ਸ਼ਰਮਾ, ਕਾਲਾ ਧਾਲੀਵਾਲ, ਮਨੀ ਹੰਬੜਾਂ, ਪੀ. ਏ.ਜਸਵੰਤ ਸਿੰਘ ਤੇ ਹੋਰ ਹਾਜ਼ਰ ਸਨ |