ਚੌਂਕੀਮਾਨ, 22 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਪਿੰਡ ਪੋਨਾ ਵਿਖੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਵਲੋਂ ਪਿੰਡ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਵਿਕਾਸ ਕਾਰਜ ਬੜੀ ਤੇਜ਼ੀ ਨਾਲ ਚੱਲ ਰਹੇ ਹਨ, ਜਿਸ ਤਹਿਤ ਅੱਜ ਨੰਬਰਦਾਰ ਬਲਵਿੰਦਰ ਸਿੰਘ ਦੇ ਘਰ ਤੋਂ ਲੈ ਕੇ ਸਾਬਕਾ ਪੰਚ ਕੁਲਦੀਪ ਸਿੰਘ ਦੇ ਘਰ ਤੱਕ ਤਕਰੀਬਨ 1700 ਫੁੱਟ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਦੀ ਅਗਵਾਈ ਵਿਚ ਗ੍ਰਾਂਮ ਪੰਚਾਇਤ ਵਲੋਂ ਕਰਵਾਈ ਗਈ | ਇਸ ਮੌਕੇ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਸਮੇਂ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਕਿਹਾ ਕਿ ਗ੍ਰਾਮ ਪੰਚਾਇਤ ਦਾ ਮੁੱਖ ਮਕਸਦ ਪਿੰਡ ਨੂੰ ਹਲਕੇ ਜਗਰਾਉਂ ਦਾ ਮੋਹਰੀ ਪਿੰਡ ਬਣਾਉਣਾ ਹੈ ਤੇ ਨਗਰ ਨਿਵਾਸੀਆਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਸੀਵਰੇਜ ਪੈਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ, ਕਿਉਂਕਿ ਗੰਦੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਹੋ ਜਾਵੇਗਾ ਤੇ ਰਸਤਾ ਖੁੱਲ੍ਹਾ ਹੋ ਜਾਵੇਗਾ ਤੇ ਬਾਰਿਸ਼ ਦੇ ਸਮੇਂ ਆ ਰਹੀ ਪਾਣੀ ਦੀ ਮੁਸ਼ਕਿਲ ਵੀ ਹੱਲ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਪੁਰਾਣੇ ਪਏ ਸੀਵੇਰਜ ਦੇ 100 ਦੇ ਕਰੀਬ ਢੱਕਣ ਵੀ ਬਦਲੇ ਜਾਣਗੇ, ਜਿਸ ਨਾਲ ਰਾਹੀਗਰਾਂ ਨੂੰ ਕੋਈ ਸਮੱਸਿਆ ਨਹੀਂ ਆਵੇਗੀ ਤੇ ਹਾਦਸਿਆਂ ਤੋਂ ਬਚਾ ਹੋ ਜਾਵੇਗਾ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਸਮੁੱਚੀ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆ ਵਲੋਂ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ, ਜੋ ਪਿੰਡ ਦੇ ਵਿਕਾਸ ਕਾਰਜ ਕਰਵਾਉਣ ਵਿਚ ਵੱਡਾ ਸਹਿਯੋਗ ਦੇ ਰਹੇ ਹਨ | ਇਸ ਮੌਕੇ ਪੰਚ ਗਗਨ ਪੋਨਾ, ਪੰਚ ਸਤਨਾਮ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਤੇਜਿੰਦਰ ਸਿੰਘ ਬਰਾੜ, ਬਲਵੀਰ ਸਿੰਘ, ਸਾਬਕਾ ਪੰਚ ਚਮਕੌਰ ਸਿੰਘ, ਬਸੰਤ ਸਿੰਘ, ਰੂਪ ਸਿੰਘ ਫੌਜੀ, ਸ਼ਿਵ ਕੁਮਾਰ ਪੋਨਾ ਆਦਿ ਹਾਜ਼ਰ ਸਨ |