ਰਾਏਕੋਟ, 23 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਅਤੇ ਵਾਰਿਸ ਪੰਜਾਬ ਦੇ ਹੋਏ ਗੱਠਜੋੜ ਬਾਅਦ ਪੰਥਕ ਏਕਤਾ ਤਾਲਮੇਲ ਕਮੇਟੀ ਲਈ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਕਨਵੀਨਰ ਲਗਾਏ ਜਾਣ 'ਤੇ ਹਲਕਾ ਰਾਏਕੋਟ ਦੇ ਆਗੂਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਸੀਨੀਅਰ ਅਕਾਲੀ ਆਗੂ ਡਾ: ਹਰਪਾਲ ਸਿੰਘ ਗਰੇਵਾਲ, ਸੀਨੀਅਰ ਅਕਾਲੀ ਆਗੂ ਡਾ: ਅਸ਼ੋਕ ਸ਼ਰਮਾ, ਜਥੇਦਾਰ ਗੁਰਦੀਪ ਸਿੰਘ ਬਸਰਾਉਂ ਅਤੇ ਸੀਨੀਅਰ ਆਗੂ ਜਗਤਾਰ ਸਿੰਘ ਭੈਣੀ ਬੜਿੰਗਾ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਚਾਹੁਣ ਵਾਲੇ ਲੋਕਾਂ ਵਿਚ ਪੰਥਕ ਏਕਤਾ ਹੋਣ 'ਤੇ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਇਹ ਏਕਤਾ ਹੋਣੀ ਸਮੇਂ ਦੀ ਮੁੱਖ ਲੋੜ ਸੀ | ਉਨਾਂ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਲੰਮੇ ਸਮੇ ਤੋਂ ਪੰਥਕ ਏਕਤਾ ਲਈ ਸਰਗਰਮ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ 'ਵਾਰਿਸ ਪੰਜਾਬ ਦੇ' ਗਠਜੋੜ ਨਾਲ ਪੰਥ ਇਕ ਪਲੇਟਫਾਰਮ 'ਤੇ ਇਕੱਠਾ ਹੋਵੇਗਾ ਤੇ ਪੰਥਕ ਮਸਲਿਆਂ ਨੂੰ ਹੱਲ ਕੀਤਾ ਜਾ ਸਕੇਗਾ |