15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

3.5 ਏਕੜ ਕਣਕ ਤੇ 50 ਏਕੜ ਨਾੜ ਸੜ ਕੇ ਸੁਆਹ

Ad Position 21
No active advertisement
ਅਜੀਤ ਡੈਸਕ 25-04-2026
ਜਗਰਾਉਂ, 24 ਅਪ੍ਰੈਲ (ਗੁਰਦੀਪ ਸਿੰਘ ਮਲਕ)-ਨਜ਼ਦੀਕੀ ਪਿੰਡ ਗਾਲਿਬ ਕਲਾਂ ਅਤੇ ਅਮਰਗੜ੍ਹ ਕਲੇਰ ਵਿਚ ਸ਼ੁੱਕਰਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸ਼ਾਰਟ ਸਰਕਟ ਕਾਰਨ ਖੇਤਾਂ ਵਿਚ ਭਿਆਨਕ ਅੱਗ ਲੱਗ ਗਈ | ਅੱਗ ਨੇ ਝੱਟ ਹੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਕਈ ਖੇਤ ਇਸ ਦੀ ਲਪੇਟ ਵਿਚ ਆ ਗਏ | ਇਸ ਹਾਦਸੇ ਵਿਚ ਇਕ ਕਿਸਾਨ ਦੀ 3.5 ਏਕੜ ਖੜੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ, ਜਦਕਿ ਲਗਭਗ 50 ਏਕੜ ਨਾੜ ਵੀ ਅੱਗ ਦੀ ਭੇਟ ਚੜ੍ਹ ਗਿਆ | ਇਸ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਜਾਣਕਾਰੀ ਮੁਤਾਬਕ ਅੱਗ ਦੀ ਸ਼ੁਰੂਆਤ ਘਰ ਨੂੰ ਜਾਣ ਵਾਲੀ ਬਿਜਲੀ ਦੀ ਤਾਰ ਦੇ ਮੀਟਰ ਕੋਲ ਹੋਏ ਸ਼ਾਰਟ ਸਰਕਟ ਕਾਰਨ ਹੋਈ | ਸ਼ੁਰੂ ਵਿਚ ਕਿਸੇ ਨੂੰ ਪਤਾ ਨਹੀਂ ਲੱਗਿਆ, ਪਰ ਜਦੋਂ ਖੇਤਾਂ ਵਿਚੋਂ ਧੂੰਆ ਉੱਠਦਾ ਦਿਸਿਆ ਤਾਂ ਪਿੰਡ ਵਾਸੀਆਂ ਵਿਚ ਘਬਰਾਹਟ ਫੈਲ ਗਈ | ਸੁੱਕੀ ਨਾੜ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਗਈ | ਅੱਗ ਦੀ ਸੂਚਨਾ ਮਿਲਦੇ ਹੀ ਕਿਸਾਨ ਤੁਰੰਤ ਮੌਕੇ 'ਤੇ ਪਹੁੰਚੇ | ਕਰੀਬ 30 ਤੋਂ ਵੱਧ ਟਰੈਕਟਰਾਂ ਨਾਲ ਕਿਸਾਨਾਂ ਨੇ ਖੇਤਾਂ ਦੇ ਚਾਰੋਂ ਪਾਸੇ ਮਿੱਟੀ ਦੇ ਘੇਰੇ ਬਣਾ ਕੇ ਅੱਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ | ਕਿਸਾਨਾਂ ਨੇ ਆਪਣੇ ਪੱਧਰ 'ਤੇ ਅੱਗ ਬੁਝਾਉਣ ਲਈ ਹਰ ਸੰਭਵ ਯਤਨ ਕੀਤੇ | ਸੂਚਨਾ ਮਿਲਦੇ ਹੀ ਜਗਰਾਉਂ ਫਾਇਰ ਬਿ੍ਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ, ਪਰ ਤੇਜ਼ ਗਰਮੀ ਅਤੇ ਸੁੱਕੀ ਨਾੜ ਕਾਰਨ ਅੱਗ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ | ਹਾਲਾਤ ਇਸ ਕਦਰ ਗੰਭੀਰ ਹੋ ਗਏ ਕਿ ਫਾਇਰ ਬਿ੍ਗੇਡ ਦੀ ਗੱਡੀ ਦਾ ਪਾਣੀ ਵੀ ਖਤਮ ਹੋ ਗਿਆ ਅਤੇ ਦੂਜੀ ਗੱਡੀ ਮੰਗਵਾਉਣੀ ਪਈ | ਕਿਸਾਨਾਂ ਨੇ ਵੀ ਆਪਣੇ ਟਿਊਬਵੈੱਲਾਂ ਅਤੇ ਟੈਂਕੀਆਂ ਤੋਂ ਪਾਣੀ ਦੇ ਕੇ ਸਹਿਯੋਗ ਦਿੱਤਾ | ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਗਾਲਿਬ ਕਲਾਂ ਦੇ ਕਿਸਾਨ ਦਰਸ਼ਨ ਸਿੰਘ ਦੀ 3.5 ਏਕੜ ਖੜ੍ਹੀ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਸੜ ਗਈ | ਇਸ ਤੋਂ ਇਲਾਵਾ ਦੋਵੇਂ ਪਿੰਡਾਂ ਦੇ ਕਿਸਾਨਾਂ ਦਾ ਕਰੀਬ 50 ਏਕੜ ਨਾੜ ਵੀ ਨਸ਼ਟ ਹੋ ਗਿਆ | ਪ੍ਰਭਾਵਿਤ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦਾ ਸਹੀ ਅੰਦਾਜ਼ਾ ਲਗਾ ਕੇ ਜਲਦੀ ਮੁਆਵਜ਼ਾ ਦਿੱਤਾ ਜਾਵੇ | ਇਸ ਮਾਮਲੇ ਵਿਚ ਕਿਸਾਨ ਦਰਸ਼ਪ੍ਰੀਤ ਸਿੰਘ ਨੇ ਅੱਗ ਲੱਗਣ ਨੂੰ ਲੈ ਕੇ ਸਾਜ਼ਿਸ਼ ਦਾ ਸ਼ੱਕ ਵੀ ਜਤਾਇਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕੁਝ ਲੋਕਾਂ ਨਾਲ ਪੁਰਾਣਾ ਵਿਵਾਦ ਚੱਲ ਰਿਹਾ ਹੈ ਅਤੇ ਅੱਗ ਲੱਗਣ ਤੋਂ ਥੋੜ੍ਹਾ ਸਮਾਂ ਪਹਿਲਾਂ ਕੁਝ ਸ਼ੱਕੀ ਵਿਅਕਤੀ ਖੇਤਾਂ ਦੇ ਨੇੜੇ ਵੇਖੇ ਗਏ ਸਨ | ਇਸ ਸਬੰਧੀ ਉਨਾਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਸੌਂਪੀ ਹੈ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਮਾਰੇ ਗਏ ਪਤੀ-ਪਤਨੀ ਦਾ ਪਿੰਡ ਗੁੱਜਰਵਾਲ ਵਿਖੇ ਅੰਤਿਮ ਸੰਸਕਾਰ ਅਗਲੀ ਖ਼ਬਰ ਲੀਲ੍ਹ 'ਚ ਸਕੂਲ ਬੱਸ ਤੇ ਕਾਰ ਦੀ ਟੱਕਰ
Ad Position 24