ਸਿੱਧਵਾਂ ਬੇਟ, 24 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਅਤੀ ਨਜ਼ਦੀਕੀ ਸਾਥੀ ਅਤੇ ਲੈਂਡ ਮਾਰਗਟੇਜ਼ ਬੈਂਕ ਜਗਰਾਉਂ ਦੇ ਸਾਬਕਾ ਵਾਈਸ ਚੇਅਰਮੈਨ ਵਰਦੀਪ ਸਿੰਘ ਦੀਪਾ ਸਾਬਕਾ ਸਰਪੰਚ ਸਲੇਮਪੁਰਾ ਦੀ ਜਿਵੇਂ ਹੀ ਸਰਹਿੰਦ ਕੋਲੋਂ ਲੰਘਦੀ ਭਾਖੜਾ ਨਹਿਰ ਵਿਚ ਤੈਰਦੀ ਲਾਸ਼ ਬਾਰੇ ਜਾਣਕਾਰੀ ਮਿਲੀ ਤਾਂ ਇਲਾਕੇ ਵਿਚ ਇਕ ਤਰ੍ਹਾਂ ਨਾਲ ਸੋਗ ਦੀ ਲਹਿਰ ਦੌੜ ਗਈ | ਖ਼ਬਰ ਮਿਲਣ 'ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਜਦੋਂ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਵੇਖਿਆ ਗਿਆ ਕਿ ਸਾਬਕਾ ਸਰਪੰਚ ਦੇ ਖ਼ੂਨ ਨਾਲ ਲੱਥਪੱਥ ਹੋਏ ਕੱਪੜੇ ਲੁਧਿਆਣਾ-ਦਿੱਲੀ ਮਾਰਗ 'ਤੇ ਭਾਖੜਾ ਨਹਿਰ ਦੇ ਬਣੇ ਪੁਲ ਦੇ ਨਜ਼ਦੀਕ ਚੜ੍ਹਦੇ ਵਾਲੇ ਪਾਸੇ ਨਹਿਰ ਕਿਨਾਰੇ ਪਏ ਹੋਏ ਸਨ | ਜਦਕਿ ਗੋਤਾਖੋਰਾਂ ਨੇ ਉਸ ਦੀ ਲਾਸ਼ ਨੂੰ ਇਸ ਪੁਲ ਤੋਂ ਕਰੀਬ 10 ਮੀਲ ਦੂਰੀ ਤੋਂ ਬਰਾਮਦ ਕਰ ਲਿਆ ਸੀ ਪਰ ਸਾਬਕਾ ਸਰਪੰਚ ਕਰੀਬ 100 ਮੀਲ ਲੰਬਾ ਸਫ਼ਰ ਕਰਕੇ ਉੱਥੇ ਕਿਵੇਂ ਪਹੁੰਚੇ ਅਤੇ ਉਨ੍ਹਾਂ ਦੇ ਕੱਪੜੇ ਖ਼ੂਨ ਨਾਲ ਕਿਸ ਤਰ੍ਹਾਂ ਲੱਥ ਪੱਥ ਹੋਏ ਉਹ ਵੀ ਇਕ ਭੇਦ ਬਣਿਆ ਹੋਇਆ ਹੈ | ਦੂਜੇ ਪਾਸੇ ਪਰਿਵਾਰਕ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਇਹ ਵੀ ਖਦਸ਼ਾ ਪ੍ਰਗਟ ਕੀਤਾ ਹੈ ਕਿ ਜਿਸ ਤਰ੍ਹਾਂ ਮਿ੍ਤਕ ਵਰਦੀਪ ਸਿੰਘ ਦੇ ਸਰੀਰ 'ਤੇ ਵੱਖ-ਵੱਖ ਚੋਟਾਂ ਦੇ ਨਿਸ਼ਾਨ ਹਨ ਤਾਂ ਉਸ ਦਾ ਪਹਿਲਾਂ ਕਤਲ ਕੀਤਾ ਗਿਆ ਅਤੇ ਫਿਰ ਉਸ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੋਵੇਗਾ | ਦੂਜੇ ਪਾਸੇ ਥਾਣਾ ਸਰਹਿੰਦ ਦੀ ਪੁਲਿਸ ਵੀ ਹਰ ਪਹਿਲੂ ਤੋਂ ਜਾਂਚ ਵਿਚ ਜੁੱਟ ਗਈ ਹੈ | ਉਹ ਰਸਤੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲ ਰਹੀ ਹੈ | ਇਸ ਮੌਕੇ ਪੁਲਿਸ ਨੇ ਲਾਸ਼ ਨੂੰ ਬੀਤੇ ਦਿਨੀਂ ਹੀ ਆਪਣੇ ਕਬਜ਼ੇ ਵਿਚ ਲੈ ਕੇ ਮਿ੍ਤਕ ਸਾਬਕਾ ਸਰਪੰਚ ਵਰਦੀਪ ਸਿੰਘ ਦੇ ਪੁੱਤਰ ਅਮਨਜੋਤ ਸਿੰਘ ਦੇ ਬਿਆਨਾਂ 'ਤੇ ਹਾਲ ਦੀ ਘੜੀ 174 ਦੀ ਕਾਰਵਾਈ ਕਰਨ ਉਪਰੰਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਾਸ਼ ਦਾ ਪੋਟਮਾਰਟਮ ਕਰਵਾਉੇਣ ਉਪਰੰਤ ਪਰਿਵਾਰ ਨੂੰ ਸੌਂਪ ਦਿੱਤੀ ਹੈ | ਉਨ੍ਹਾਂ ਇਸ ਮੌਕੇ ਆਖਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਸਾਰਾ ਸ਼ੱਕ ਸਾਹਮਣੇ ਆ ਸਕੇਗਾ | ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਲੋਕਾਂ ਦੇ ਨਾਮ ਵੀ ਪੁਲਿਸ ਨੂੰ ਲਿਖਵਾਏ ਜਿੰਨ੍ਹਾਂ ਤੋਂ ਉਹ ਬਹੁਤ ਪ੍ਰੇਸ਼ਾਨ ਸੀ | ਇਸ ਮੌਕੇ ਮਿ੍ਤਕ ਵਰਦੀਪ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਨੰਬਰਦਾਰ ਹਰਿੰਦਰ ਸਿੰਘ ਕਾਕਾ ਅਤੇ ਡਾ: ਬਲਬੀਰ ਸਿੰਘ ਸਦਰਪੁਰਾ ਨੇ ਦੱਸਿਆ ਕਿ ਸਾਬਕਾ ਸਰਪੰਚ ਦਾ ਅੰਤਿਮ ਸੰਸਕਾਰ 25 ਅਪ੍ਰੈਲ ਦਿਨ ਸ਼ਨੀਵਾਰ ਨੂੰ ਪਿੰਡ ਸਲੇਮਪੁਰਾ ਦੇ ਸ਼ਮਸ਼ਾਨਘਾਟ ਵਿਚ ਸਵੇਰੇ ਕਰੀਬ 11 ਵਜੇ ਕੀਤਾ ਜਾਵੇਗਾ | ਇਸੇ ਦੌਰਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਰਿਟਾ.ਡੀ.ਐੱਸ.ਪੀ. ਤਰਲੋਚਣ ਸਿੰਘ ਥਿੰਦ, ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਸਿੱਧਵਾਂ, ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਲ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਪ੍ਰਧਾਨ ਬਿੰਦਰ ਮਨੀਲਾ, ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ, ਪ੍ਰਧਾਨ ਬਲਕਾਰ ਸਿੰਘ ਲਾਡੀ ਸਮੇਤ ਹੋਰ ਆਗੂਆਂ ਨੇ ਸਾਬਕਾ ਸਰਪੰਚ ਵਰਦੀਪ ਸਿੰਘ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ |