ਰਾਏਕੋਟ, 1 ਮਈ (ਬਲਵਿੰਦਰ ਸਿੰਘ ਲਿੱਤਰ)-ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਰਾਏਕੋਟ, ਜੋ ਹਮੇਸ਼ਾ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਲਈ ਅੱਗੇ ਰਹਿੰਦੀ ਹੈ, ਵੱਲੋਂ ਅੱਜ ਭਗਵਾਨ ਮਹਾਂਵੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ 55 ਬੱਚਿਆਂ ਨੂੰ ਉੱਚ ਗੁਣਵੱਤਾ ਵਾਲੇ ਸਕੂਲੀ ਬੈਗ ਵੰਡੇ ਗਏ | ਇਸ ਮੌਕੇ ਕਲੱਬ ਦੇ ਪ੍ਰਧਾਨ ਡਾ. ਸੁਬੋਧ ਗੁਪਤਾ ਅਤੇ ਪੀ.ਆਰ.ਓ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਲਾਇਨਜ਼ ਕਲੱਬ ਨੇ ਇਹ ਸੰਕਲਪ ਕੀਤਾ ਹੋਇਆ ਹੈ ਕਿ ਕਿਸੇ ਵੀ ਜ਼ਰੂਰਤਮੰਦ ਬੱਚੇ ਦੀ ਪੜ੍ਹਾਈ ਕਿਸੇ ਵੀ ਕਾਰਨ ਕਰਕੇ ਨਾ ਰੁਕੇ | ਇਸ ਲਈ ਸਰਕਾਰੀ ਸਕੂਲਾਂ ਵਿੱਚ ਕਲੱਬ ਵੱਲੋਂ ਕਮਰੇ ਤਿਆਰ ਕਰਵਾ ਕੇ ਦਿੱਤੇ ਗਏ ਹਨ, ਪਾਣੀ ਦੀ ਸਹੂਲਤ ਲਈ ਕੂਲਰ ਲਗਾਏ ਗਏ ਹਨ ਅਤੇ ਵਧੀਆ ਸਿੱਖਿਆ ਲਈ ਸਮਾਰਟ ਐੱਲ.ਸੀ.ਡੀ ਵੀ ਪ੍ਰਦਾਨ ਕੀਤੀਆਂ ਗਈਆਂ ਹਨ | ਇਸ ਤੋਂ ਇਲਾਵਾ ਬੱਚਿਆਂ ਨੂੰ ਵਰਦੀ, ਕਿਤਾਬਾਂ ਅਤੇ ਸਕੂਲੀ ਬੈਗ ਵੀ ਸਮੇਂ-ਸਮੇਂ 'ਤੇ ਦਿੱਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਸੇ ਕੜੀ ਤਹਿਤ ਅੱਜ ਰਾਏਕੋਟ ਦੇ ਸਰਕਾਰੀ ਸਕੂਲ ਵਿਚ ਬੱਚਿਆਂ ਨੂੰ ਸਕੂਲੀ ਬੈਗ ਵੰਡੇ ਗਏ ਹਨ | ਇਸ ਮੌਕੇ ਕਲੱਬ ਦੇ ਪ੍ਰਧਾਨ ਡਾ. ਸੁਬੋਧ ਗੁਪਤਾ, ਸਕੱਤਰ ਪੰਕਜ ਕਾਂਸਲ, ਖ਼ਜ਼ਾਨਚੀ ਮਨੀਸ਼ ਗੋਇਲ, ਪੀ.ਆਰ.ਓ ਕੇ.ਕੇ. ਸ਼ਰਮਾ, ਗੁਲਸ਼ਨ ਮਿੱਤਲ ਆਦਿ ਹਾਜ਼ਰ ਸਨ |