ਚੌਂਕੀਮਾਨ, 1 ਮਈ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਮਾਣਮੱਤੀ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਸੰਸਥਾ ਦੇ ਪਿ੍ੰਸੀਪਲ ਡਾ: ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਕਾਲਜ ਦੀਆਂ ਆਖਰੀ ਸਾਲ ਦੀਆਂ ਵਿਦਿਆਰਥਣਾਂ ਲਈ ਫ਼ੇਅਰਵੈਲ ਪਾਰਟੀ ਆਯੋਜਿਤ ਕੀਤੀ ਗਈ | ਪਾਰਟੀ ਵਿਚ ਪਿ੍ੰਸੀਪਲ ਡਾ: ਸਤਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮੂਹ ਸਟਾਫ਼ ਨੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੂੰ ਫੁੱਲਾਂ ਦਾ ਬੂਟਾ ਭੇਂਟ ਕਰਦਿਆਂ ਨਿੱਘਾ ਸਵਾਗਤ ਕੀਤਾ | ਡਾ. ਇੰਦਰਜੀਤ ਕੌਰ ਅਤੇ ਵਿਦਿਆਰਥਣ ਗੋਮਸੀ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਸਭ ਨੂੰ ਜੀ ਆਇਆਂ ਕਿਹਾ | ਜੱਜਾਂ ਦੁਆਰਾ ਮਿਸ ਫ਼ੇਅਰਵੈਲ ਅਤੇ ਰਨਰਅੱਪਸ ਦੀ ਚੋਣ ਮਾਡਲਿੰਗ ਆਧਾਰਿਤ ਪ੍ਰਸ਼ਨਾਂ 'ਤੇ ਕੀਤੀ ਗਈ | ਮਿਸ ਫੇਅਰਵੈੱਲ ਦਾ ਖਿਤਾਬ ਬੀ. ਏ. ਭਾਗ ਤੀਜਾ ਦੀ ਵਿਦਿਆਰਥਣ ਮਨਮਹਿਕ ਕੌਰ ਨੇ ਹਾਸਲ ਕੀਤਾ | ਪਹਿਲੀ ਰਨਅਰਅੱਪ ਬੀ.ਏ. ਬੀ.ਐੱਡ ਭਾਗ ਚੌਥਾ ਦੀ ਵਿਦਿਆਰਥਣ ਮਲਿਕਾ ਅਤੇ ਦੂਜੀ ਰਨਅਰਅੱਪ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਹਰਮਨਦੀਪ ਕੌਰ ਚੁਣੀ ਗਈ | ਸਮਾਗਮ ਵਿਚ ਜੱਜਾਂ ਦੀ ਭੂਮਿਕਾ ਡਾ. ਪੁਨੀਤ ਵਾਧਵਾ, ਪ੍ਰੋ. ਹਰਦੀਪ ਕੌਰ, ਪ੍ਰੋ. ਹਰਵਿੰਦਰ ਕੌਰ ਅਤੇ ਡਾ. ਅਮਨਦੀਪ ਕੌਰ ਨੇ ਨਿਭਾਈ | ਇਸ ਮੌਕੇ ਵਿਦਿਆਰਥਣਾਂ ਨੇ ਵਿਭਿੰਨ ਸੱਭਿਆਚਾਰਕ ਵੰਨਗੀਆਂ ਜਿੰਨ੍ਹਾਂ ਵਿਚ ਗੀਤ, ਡਾਂਸ, ਗਰੁੱਪ ਡਾਂਸ ਅਤੇ ਕਵਿਤਾਵਾਂ ਰਾਹੀਂ ਮਾਹੌਲ ਨੂੰ ਰੌਚਕ ਬਣਾਇਆ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਵਿਦਿਆਰਥਣਾਂ ਨੁੰ ਮੁਖਾਤਿਬ ਹੁੰਦਿਆਂ ਚੰਗੇ ਅੰਕ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਜ਼ਿੰਦਗੀ ਦੇ ਹਰ ਪੱਖ ਵਿਚ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ, ਨੈਤਿਕ ਕਦਰਾਂ ਕੀਮਤਾਂ ਅਪਣਾਉਣ ਅਤੇ ਭਵਿੱਖ ਵਿਚ ਆਉਣ ਵਾਲੇ ਇਮਤਿਹਾਨਾਂ ਵਿਚ ਚੰਗੇ ਅੰਕ ਪ੍ਰਾਪਤ ਕਰਕੇ ਆਪਣੀ ਸੰਸਥਾ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਵਿਦਿਆਰਥਣਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਤੇ ਵਿੁਦਿਆਰਥਣਾਂ ਨੂੰ ਸਖ਼ਤ ਮਿਹਨਤ ਨਾਲ ਮਿੱਥੇ ਟੀਚੇ ਨੂੰ ਪ੍ਰਾਪਤ ਕਰਨ ਲਈ ਵੀ ਪ੍ਰੇਰਿਤ ਕੀਤਾ | ਇਸ ਸਮਾਗਮ ਦੇ ਕਨਵੀਨਰ ਡਾ. ਗਗਨਦੀਪ ਧਾਰਨੀ ਅਤੇ ਡਾ. ਇੰਦਰਜੀਤ ਕੌਰ ਸਨ | ਵਿਦਿਆਰਥਣਾਂ ਦੀ ਭਰਵੀ ਹਾਜ਼ਰੀ ਨੇ ਮਾਹੌਲ ਨੂੰ ਰੌਚਕ ਬਣਾਇਆ |