ਜਗਰਾਉਂ, 15 ਮਈ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਸੰਬੰਧੀ ਜਗਰਾਉਂ ਵਿਖੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੂਬਾ ਜੁਆਇੰਟ ਸਕੱਤਰ ਜਲੌਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ | ਸਰਕਾਰੀ ਬੱਸਾਂ ਪਾਉਣ ਵਿਚ ਚਾਰ ਸਾਲਾਂ ਤੋਂ ਫੇਲ੍ਹ ਸਰਕਾਰ ਹੁਣ ਵਿਭਾਗ 'ਚ ਕਿਲੋਮੀਟਰ ਸਕੀਮ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਪਾ ਕੇ ਨਿੱਜੀਕਰਨ ਕਰਨ ਵੱਲ ਤੁਰੀ ਹੈ | ਉਨ੍ਹਾਂ ਕਿਹਾ ਕਿ ਮੰਗਾਂ ਦਾ ਹੱਲ ਕਰਨ ਦੀ ਬਜਾਏ ਸਰਕਾਰ ਸੰਘਰਸ਼ ਕਰ ਰਹੇ ਕੱਚੇ ਮੁਲਾਜ਼ਮਾਂ 'ਤੇ ਪਰਚੇ ਦਰਜ ਕਰਕੇ ਜੇਲ੍ਹਾਂ ਵਿਚ ਬੰਦ ਕਰ ਰਹੀ ਹੈ | ਇਸ ਮੌਕੇ ਰੋਡਵੇਜ਼ ਦੇ ਮੁੱਖ ਦਫ਼ਤਰ ਵਲੋਂ ਵਲੋਂ ਜਾਰੀ ਕੀਤੇ ਗਏ ਸਪੈਸ਼ਲ ਕਾਡਰ ਪਾਲਸੀ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ | ਜਨਰਲ ਸਕੱਤਰ ਹਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਵਲੋਂ 18 ਮਈ ਨੂੰ ਮੀਟਿੰਗ ਕਰਕੇ ਕੋਈ ਠੋਸ ਹੱਲ ਨਹੀਂ ਕੱਢਿਆ ਜਾਂਦਾ ਤਾਂ ਤਰੁੰਤ ਹੜਤਾਲ ਸ਼ੁਰੂ ਕੀਤੀ ਜਾਵੇਗੀ | ਇਸ ਸਮੇਂ ਕੈਸ਼ੀਅਰ ਮੁਹੰਮਦ ਰਫ਼ੀ, ਦਵਿੰਦਰ ਸਿੰਘ ਭੀਮ, ਜਸਪਾਲ ਸਿੰਘ ਚੇਅਰਮੈਨ, ਜਗਦੇਵ ਸਿੰਘ, ਰਾਜ ਖ਼ਾਨ, ਸਤਨਾਮ ਸਿੰਘ, ਸਿੰਦਰਪਾਲ ਸਿੰਘ ਆਦਿ ਹਾਜ਼ਰ ਸਨ |