ਮੁੱਲਾਂਪੁਰ-ਦਾਖਾ, 20 ਮਈ (ਨਿਰਮਲ ਸਿੰਘ ਧਾਲੀਵਾਲ)-ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਅੰਗਰੇਜ਼ੀ-ਦੇਸੀ ਦਵਾਈਆਂ ਦੀ ਆਨਲਾਈਨ ਵਿਕਰੀ ਦੇ ਵਿਰੋਧ ਅਤੇ ਹੜਤਾਲ 'ਚ ਸ਼ਾਮਿਲ ਹੁੰਦਿਆਂ ਮੰਡੀ ਮੁੱਲਾਂਪੁਰ-ਦਾਖਾ ਕੈਮਿਸਟ ਐਸੋਸੀਏਸ਼ਨ ਨਾਲ ਜੁੜੇ ਸਾਰੇ ਮੈਡੀਕਲ ਸਟੋਰ ਅੱਜ ਪੂਰਾ ਦਿਨ ਬੰਦ ਰਹੇ | ਸਥਾਨਕ ਕਸਬੇ ਅੰਦਰ ਮੈਡੀਕਲ ਸਟੋਰ ਬੰਦ ਹੋਣ ਦੇ ਨਾਲ ਨੇੜਲੇ ਛੋਟੇ ਕਸਬਿਆਂ ਅਤੇ ਪਿੰਡਾਂ 'ਚ ਮੈਡੀਕਲ ਸਟੋਰ ਮਾਲਕਾਂ ਵਲੋਂ ਆਪਣੀ ਦਵਾਈ ਵਾਲੀਆਂ ਦੁਕਾਨਾਂ ਬੰਦ ਰੱਖਕੇ ਐਸੋਸੀਏਸ਼ਨ ਨੂੰ ਸਮਰਥਨ ਦਿੱਤਾ | ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਧਾਲੀਵਾਲ, ਚੇਅਰਮੈਨ ਸੁਰੇਸ਼ ਕੁਮਾਰ, ਸੀਨੀਅਰ ਵਾਈਸ ਪ੍ਰਧਾਨ ਮੋਹਣ ਸਿੰਘ ਸਰਾਂ, ਸੈਕਟਰੀ ਰਮਨ ਕੁਮਾਰ ਸ਼ਰਮਾ, ਮੀਤ ਪ੍ਰਧਾਨ ਸਤਵੀਰ ਸਿੰਘ ਗਿੱਲ, ਵਾਈਸ ਚੇਅਰਮੈਨ ਧਰਮਪਾਲ, ਸਕੱਤਰ ਰਮੇਸ਼ ਕੁਮਾਰ ਜਿੰਦਲ, ਰਾਜੇਸ਼ ਖੁਰਾਣਾ, ਮੋਹਿਤ ਅਗਰਵਾਲ, ਅਭਿਸ਼ੇਕ ਸਿੰਗਲਾ, ਨਰਿੰਦਰ ਕੁਮਾਰ ਮਿੱਤਲ, ਆਸ਼ੀਸ਼ ਸ਼ਰਮਾ, ਸੋਨੀ, ਰਾਮ ਜੀ ਮੈਡੀਕਲ, ਮੁੱਲਾਂਪੁਰੀ ਮੈਡੀਕਲ ਨਾਲ ਬੰਦ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਵਾਈ ਤਿਆਰ ਕਰਨ ਵਾਲੀਆਂ ਕੁਝ ਕੰਪਨੀਆਂ ਵਲੋਂ ਆਨਲਾਈਨ ਵਿਕਰੀ ਰੋਕਣ ਲਈ ਕੇਂਦਰ ਸਰਕਾਰ ਸੰਜੀਦਾ ਨਹੀਂ, ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਨੂੰ ਵਾਰ-ਵਾਰ ਹੜਤਾਲ ਕਰਨੀ ਪੈ ਰਹੀ ਹੈ | ਉਨ੍ਹਾਂ ਕਿਹਾ ਕਿ ਫਾਰਮੇਸੀ ਐਕਟ ਅਨੁਸਾਰ ਦਵਾਈਆਂ ਦੀ ਖ਼ਰੀਦ ਸਮੇਂ ਮਰੀਜ਼ ਨੂੰ ਫਾਰਮਾਸਿਸਟ ਦੀ ਕਾਊਾਸਲਿੰਗ ਜ਼ਰੂਰੀ ਹੈ, ਪ੍ਰੰਤੂ ਕੋਰੀਅਰ ਰਾਹੀਂ ਆਨਲਾਈਨ ਵਿਕਰੀ ਸਮੇਂ ਅਜਿਹਾ ਸੰਭਵ ਨਹੀਂ | ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰ ਵਾਲੇ ਉੱਪਰ ਤਾਂ ਇਹ ਦਬਾਅ ਬਣਿਆ ਹੋਇਆ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈ ਨਾ ਦਿੱਤੀ ਜਾਵੇ, ਪ੍ਰੰਤੂ ਦਵਾਈਆਂ ਦੀ ਆਨਲਾਈਨ ਵਿਕਰੀ ਬਿਨਾਂ ਕਿਸੇ ਡਾਕਟਰ ਦੀ ਪਰਚੀ ਤੋਂ ਹੋ ਰਹੀ ਹੈ | ਸ਼ਹਿਰ ਦੇ ਵੱਖ-ਵੱਖ ਮੈਡੀਕਲ ਸਟੋਰ ਮਾਲਕਾਂ ਸਰਕਾਰ ਅੱਗੇ ਦੁਹਾਈ ਦਿੱਤੀ ਕਿ ਆਨਲਾਈਨ ਦਵਾਈਆਂ ਦੇ ਵਪਾਰ ਨਾਲ ਕੈਮਿਸਟਾਂ ਦਾ ਕਾਰੋਬਾਰ ਬੰਦ ਨਾ ਕਰਵਾਇਆ ਜਾਵੇ |