ਜਗਰਾਉਂ, 22 ਮਈ (ਹਰਵਿੰਦਰ ਸਿੰਘ ਖ਼ਾਲਸਾ)-ਵਿਸਾਖੀ ਸਮੇਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਐਲਾਨੇ ਬੇਅਦਬੀ ਕਾਨੂੰਨ 'ਚ ਬੇਅਦਬੀ ਕਰਨ ਵਾਲੇ ਤੋਂ ਇਲਾਵਾ ਗੁਰੂ ਘਰ ਦੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਬਾਰੇ ਪੰਜ ਸਾਲ ਦੀ ਸਜ਼ਾ ਤੇ 10 ਲੱਖ ਦਾ ਜੁਰਮਾਨਾ ਕੀਤੇ ਜਾਣ ਦੇ ਬਣਾਏ ਕਾਨੂੰਨ ਦੇ ਖ਼ਿਲਾਫ਼ ਵੱਡਾ ਰੋਹ ਉੱਠ ਰਿਹਾ ਹੈ | ਇਸ ਸਬੰਧੀ ਇਤਿਹਾਸਕ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਆਯੋਜਿਤ ਇਕ ਵਿਸ਼ੇਸ਼ ਸੈਮੀਨਾਰ ਵਿਚ ਇਲਾਕੇ ਦੇ ਗ੍ਰੰਥੀ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਨਵੇਂ ਬਣੇ ਕਾਨੂੰਨ ਦਾ ਵਿਸਥਾਰ ਪੂਰਵਕ ਖੁਲਾਸਾ ਕਰਦਿਆਂ ਭਾਈ ਗਰੇਵਾਲ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀ ਨੂੰ ਉਮਰ ਕੈਦ ਤੋਂ ਵੱਧ ਫਾਂਸੀ ਦੀ ਸਜ਼ਾ ਦਿੱਤੀ ਜਾਵੇ, ਅਸੀਂ ਹਰ ਤਰੀਕੇ ਨਾਲ ਹਮਾਇਤ ਕਰਦੇ ਹਾਂ ਪਰ ਗੁਰੂ ਘਰ ਦੇ ਪ੍ਰਬੰਧਕ ਜਿਹੜੇ ਭਾਵਨਾ ਸ਼ਰਧਾ ਨਾਲ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਂਦੇ ਹਨ ਉਨ੍ਹਾਂ ਬਾਰੇ ਕਾਨੂੰਨ ਅੰਦਰ ਆਏ ਫ਼ੈਸਲੇ ਗੁਰੂ ਘਰ ਤੋਂ ਦੂਰ ਕਰਨ ਤੇ ਬਾਣੀ ਤੋਂ ਸੰਗਤ ਨੂੰ ਦੂਰ ਕਰਨ ਦੀ ਸਾਜਿਸ਼ ਦਿਖਾਈ ਦੇ ਰਹੀ ਹੈ | ਇਸ ਸਮੇਂ ਇੰਟਰਨੈਸ਼ਨਲ ਗ੍ਰੰਥੀ ਸਭਾ ਦੇ ਪ੍ਰਧਾਨ ਪਿ੍ਤਪਾਲ ਸਿੰਘ ਪਾਰਸ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਾਬਾ ਸੁਖਦੇਵ ਸਿੰਘ ਲੋਪੋ, ਸੰਤ ਸਮਾਜ ਦੇ ਆਗੂ ਬਾਬਾ ਅਮਰਜੀਤ ਸਿੰਘ ਗਗੜੇ ਵਾਲੇ, ਭਜਨ ਸਿੰਘ ਦੇਹੜਕਾ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ | ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਸਰਵਣ ਸਿੰਘ ਨੇ ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਉਨ੍ਹਾਂ ਗ੍ਰੰਥੀ ਸਾਹਿਬਾਨ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਉਣ ਕਿਹਾ | ਉਕਤ ਬੁਲਾਰਿਆਂ ਅਤੇ ਸਮੁੱਚੀਆਂ ਸੰਸਥਾਵਾਂ ਨੇ ਕਾਨੂੰਨ ਨੂੰ ਸਿੱਖੀ ਭਾਵਨਾ ਅਤੇ ਮਰਿਆਦਾਵਾਂ ਦਾ ਘਾਣ ਐਲਾਨਦਿਆਂ ਇਹ ਮਤਾ ਪਾਇਆ ਕੀ ਅਕਾਲ ਤਖਤ ਸਾਹਿਬ ਵਲੋਂ ਆਏ ਹਰ ਆਦੇਸ਼ ਦੀ ਪਾਲਣਾ ਕੀਤੀ ਜਾਵੇਗੀ ਅਤੇ ਸ਼੍ਰੋਮਣੀ ਕਮੇਟੀ ਵਲੋਂ 31 ਮਈ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸੱਦੇ ਪੰਥਕ ਇਕੱਠ ਵਿਚ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ ਜਾਵੇਗੀ | ਇਸ ਸਮੇਂ ਮੈਨੇਜਰ ਗੁਰਪ੍ਰੀਤ ਸਿੰਘ, ਬਾਬਾ ਬਲਵਿੰਦਰ ਸਿੰਘ, ਭਾਈ ਪ੍ਰਦੀਪ ਸਿੰਘ ਗਊਸ਼ਾਲਾ, ਭਾਈ ਜਸਵਿੰਦਰ ਸਿੰਘ, ਅਵਤਾਰ ਸਿੰਘ, ਭਾਈ ਅੰਮਿ੍ਤਪਾਲ ਸਿੰਘ ਪ੍ਰਚਾਰਕ, ਪਰਮਜੀਤ ਸਿੰਘ ਧਰਮਸਿੰਘ ਵਾਲਾ, ਗੁਰਿੰਦਰਜੀਤ ਸਿੰਘ ਰੂਮੀ, ਪਰਮਵੀਰ ਸਿੰਘ ਮੋਤੀ ਆਦਿ ਹਾਜ਼ਰ ਸਨ |