ਜਗਰਾਉਂ, 24 ਮਈ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਨਗਰ ਕੌਸਲ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਦੇ ਅੱਜ ਆਖਰੀ ਦਿਨ ਸਥਿਤੀ ਉਸ ਵੇਲੇ ਤਣਾਅਪੂਰਵਕ ਬਣ ਗਈ | ਜਦੋਂ ਰੋਡ ਸ਼ੋਅ ਦੌਰਾਨ ਦੋ ਪਾਰਟੀਆਂ ਦੇ ਸਮੱਰਥਕਾਂ ਆਹਮੋ ਸਾਹਮਣੇ ਹੋ ਗਏ | ਜਿਥੇ ਆਹਮੋ ਸਾਹਮਣੇ ਤਕਰਾਰ ਹੋਣ 'ਤੇ ਉਥੇ ਇੱਟਾਂ ਰੋੜੇ ਚੱਲੇ | ਦੋਨਾਂ ਧਿਰਾਂ ਦੇ ਉਮੀਦਵਾਰ ਨੇ ਰੋੜੇ ਚਲਾਉਣ ਦੇ ਦੋਸ਼ ਲਗਾਏ | ਇਥੇ ਦੱਸਣਯੋਗ ਹੈ ਕਿ ਉਮੀਦਵਾਰ ਬੀਬੀ ਸੁਨੈਨਾ ਮਲਹੋਤਰਾ ਦੇ ਹੱਕ 'ਚ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਰੋਡ ਸ਼ੋਅ ਕਰ ਰਹੇ ਸਨ ਤਾਂ ਗੁਰਦੁਆਰਾ ਮੋਰੀ ਗੇਟ ਲਾਗੇ ਕਾਂਗਰਸ ਦੇ ਉਮੀਦਵਾਰ ਰੋਡ ਸ਼ੋਅ ਕਰਦੇ ਸਾਹਮਣੇ ਆ ਗਏ | ਗੱਲ ਤੂੰ ਤੂੰ, ਮੈਂ ਮੈਂ ਤੋਂ ਵੱਧ ਕੇ ਰੋਡੇ ਚੱਲਣ ਤੱਕ ਪਹੁੰਚ ਗਈ | ਆਪ ਦੀ ਉਮੀਦਵਾਰ ਬੀਬੀ ਸੁਨੈਨਾ ਮਲਹੋਤਰਾ ਤੇ ਕਈ ਜਾਣਿਆਂ ਦੇ ਰੋੜੇ ਵੱਜਣ ਕਰਕੇ ਜ਼ਖਮੀ ਹੋ ਗਏ ਤੇ ਦੋ ਜਾਣਿਆਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਹਨ | ਇਨ੍ਹਾਂ ਨੂੰ ਹਲਪਤਾਲ ਭਰਤੀ ਕਰਵਾਇਆ ਗਿਆ ਜੋ ਇਲਾਜ ਅਧੀਨ ਹਨ | ਇਹ ਘਟਨਾ ਵਾਰਡ ਨੰ.-13 'ਚ ਵਾਪਰੀ | ਇਸ ਸਬੰਧੀ ਹਲਕਾ ਵਿਧਾਇਕਾ ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ ਗੁੰਡਾ-ਗਰਦੀ ਕੀਤੀ ਹੈ | ਇਸ ਵਿਰੁੱਧ ਉਹ ਸ਼ਿਕਾਇਤਾ ਦਰਜ ਕਰਵਾਉਂਣਗੇ ਅਤੇ ਨਿਰਪੱਖ ਜਾਂਚ ਕਰਕੇ ਸਖ਼ਤ ਕਾਰਵਾਈ ਦੀ ਮੰਗ ਕਰਨਗੇ | ਇਸ ਜਗ੍ਹਾਂ 'ਤੇ ਥਾਂ ਥਾਂ ਰੋੜੇ ਇੱਟਾਂ ਖਿਲਰੇ ਪਏ ਹਨ | ਲੋਕਾਂ ਦੇ ਦੱਸਣ ਅਨੁਸਾਰ ਕਾਂਗਰਸ ਵਾਲੇ ਪਾਸਿਓ ਰੋੜੇ ਇੱਟਾਂ ਚਲਾਏ ਗਏ ਹਨ | ਇਸ ਸਬੰਧੀ ਘਟਨਾ ਦਾ ਪਤਾ ਚੱਲਦਿਆਂ ਪੁਲਿਸ ਫੋਰਸ ਸਮੇਤ ਡੀ.ਐੱਸ.ਪੀ. ਕੁਲਵੰਤ ਸਿੰਘ, ਐੱਸ.ਐੱਚ.ਓ. ਪਰਮਿੰਦਰ ਸਿੰਘ ਮੌਕੇ 'ਤੇ ਪਹੁੰਚੇ | ਐੱਸ.ਐੱਚ.ਓ ਪਰਮਿੰਦਰ ਸਿੰਘ ਨੇ ਕਿਹਾ ਕਿ ਅਸੀਂ ਘਟਨਾ ਸਬੰਧੀ ਪੜਤਾਲ ਕਰ ਰਹੇ ਹਾਂ, ਫਿਰ ਹੀ ਬਿਆਨ ਦਰਜ ਕਰਕੇ ਕਾਰਵਾਈ ਕਰਾਂਗੇ | ਇਸ ਸਬੰਧੀ ਦੋਨਾਂ ਧਿਰਾਂ ਦੇ 4 ਜਾਣੇ ਫੱਟੜ ਹੋਏ ਹਨ | ਇਸ ਲੜਾਈ ਨਾਲ ਸਬੰਧਿਤ ਉਮੀਦਵਾਰ 'ਤੇ ਹੋਣ ਵਾਲੀ ਚੋਣ ਦੌਰਾਨ ਵੱਡਾ ਅਸਰ ਪਵੇਗਾ |