ਖੰਨਾ, 26 ਮਈ (ਹਰਜਿੰਦਰ ਸਿੰਘ ਲਾਲ)-ਨਵੀਂ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਕੇਂਦਰੀ ਦਫ਼ਤਰ 'ਚ ਆਲ ਇੰਡੀਆ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਘੱਟ ਗਿਣਤੀ ਵਿੰਗ ਦੀ ਐਡਵਾਈਜ਼ਰੀ ਕਮੇਟੀ ਦੀ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਮੀਟਿੰਗ ਹੋਈ | ਆਲ ਇੰਡੀਆ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਇਮਰਾਨ ਪ੍ਰਤਾਪਗੜ੍ਹੀ ਦੀ ਅਗਵਾਈ ਵਿੱਚ ਹੋਈ ਇਸ ਹਾਈ-ਪ੍ਰੋਫਾਈਲ ਮੀਟਿੰਗ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਨਾਲ-ਨਾਲ ਕੇ. ਸੀ. ਵੇਣੂਗੋਪਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਰਾਸ਼ਟਰੀ ਪੱਧਰ ਦੀ ਬੈਠਕ ਵਿੱਚ ਪੰਜਾਬ ਦਾ ਪੱਖ ਪ੍ਰਮੁੱਖਤਾ ਨਾਲ ਰੱਖਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਦਿਲਬਰ ਮੁਹੰਮਦ ਖ਼ਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਬੈਠਕ ਦੌਰਾਨ ਦੇਸ਼ ਭਰ ਵਿੱਚ ਘੱਟਗਿਣਤੀ ਵਰਗ ਨਾਲ ਜੁੜੇ ਗੰਭੀਰ ਮੁੱਦਿਆਂ ਅਤੇ ਵਿਭਾਗ ਦੀ ਮਜ਼ਬੂਤੀ ਨੂੰ ਲੈ ਕੇ ਵਿਸਤਾਰ ਵਿੱਚ ਵਿਚਾਰ-ਚਰਚਾ ਕੀਤੀ ਗਈ | ਮੀਟਿੰਗ ਵਿੱਚ ਮੁੱਖ ਫੋਕਸ ਪੰਜਾਬ ਦੇ ਸਿਆਸੀ ਸਮੀਕਰਨਾਂ ਅਤੇ ਉੱਥੋਂ ਦੇ ਘੱਟਗਿਣਤੀਆਂ ਦੀਆਂ ਸਮੱਸਿਆਵਾਂ 'ਤੇ ਰਿਹਾ | ਦਿਲਬਰ ਮੁਹੰਮਦ ਖ਼ਾਨ ਨੇ ਰਾਸ਼ਟਰੀ ਲੀਡਰਸ਼ਿਪ ਦੇ ਸਾਹਮਣੇ ਪੰਜਾਬ ਦੀ ਜ਼ਮੀਨੀ ਰਿਪੋਰਟ ਪੇਸ਼ ਕੀਤੀ | ਦਿਲਬਰ ਮੁਹੰਮਦ ਖ਼ਾਨ ਨੇ ਰਾਹੁਲ ਗਾਂਧੀ, ਕੇ. ਸੀ. ਵੇਣੂਗੋਪਾਲ ਅਤੇ ਚੇਅਰਮੈਨ ਇਮਰਾਨ ਪ੍ਰਤਾਪਗੜ੍ਹੀ ਨਾਲ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਘੱਟਗਿਣਤੀ ਵਰਗ ਨੂੰ ਪਾਰਟੀ ਨਾਲ ਹੋਰ ਮਜ਼ਬੂਤੀ ਨਾਲ ਜੋੜਨ ਲਈ ਜ਼ਮੀਨੀ ਪੱਧਰ 'ਤੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਰਾਹੁਲ ਗਾਂਧੀ ਅਤੇ ਕੇ. ਸੀ. ਵੇਣੂਗੋਪਾਲ ਨੇ ਪੰਜਾਬ ਵਿੱਚ ਮਾਈਨਾਰਿਟੀ ਡਿਪਾਰਟਮੈਂਟ ਦੇ ਕੰਮਕਾਜ ਦੀ ਸ਼ਲਾਘਾ ਕੀਤੀ ਅਤੇ ਦਿਲਬਰ ਮੁਹੰਮਦ ਖ਼ਾਨ ਵਲੋਂ ਉਠਾਏ ਗਏ ਨੁਕਤਿਆਂ 'ਤੇ ਸਹਿਮਤੀ ਜਤਾਈ | ਆਗੂਆਂ ਨੇ ਸਪਸ਼ਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਘੱਟ ਗਿਣਤੀ ਵਿਭਾਗ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੋਣ ਵਾਲੀ ਹੈ, ਇਸ ਲਈ ਸਾਰੇ ਰਾਜਾਂ ਵਿੱਚ ਸੰਗਠਨ ਨੂੰ ਹੋਰ ਵਧੇਰੇ ਸਰਗਰਮ ਕੀਤਾ ਜਾਵੇ |