14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕਾਂਗਰਸੀ ਅਤੇ 'ਆਪ' ਦੇ ਵਰਕਰ ਭਿੜੇ, ਰੋਸ ਵਜੋਂ ਕਾਂਗਰਸੀਆਂ ਨੇ ਜਗਰਾਉਂ-ਰਾਏਕੋਟ ਰੋਡ ਕੀਤਾ ਜਾਮ

Ad Position 21
No active advertisement
ਅਜੀਤ ਡੈਸਕ 27-05-2026
ਜਗਰਾਉਂ, 26 ਮਈ (ਸ਼ਮਸ਼ੇਰ ਸਿੰਘ ਗਾਲਿਬ, ਹਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਮਲਕ, ਵਿਨੋਦ ਕੁਮਾਰ)-ਜਗਰਾਉਂ ਵਿਚ ਨਗਰ ਕੌਂਸਲ ਚੋਣਾਂ ਦੌਰਾਨ ਸਿਆਸੀ ਮਾਹੌਲ ਲਗਾਤਾਰ ਗਰਮਾਇਆ ਰਿਹਾ ਅਤੇ ਵੱਖ-ਵੱਖ ਸਿਆਸੀ ਧਿਰਾਂ ਵਿਚਾਲੇ ਤਿੱਖਾ ਤਣਾਅਪੂਰਕ ਮਾਹੌਲ ਵੀ ਦੇਖਣ ਨੂੰ ਮਿਲਿਆ | ਇਸੇ ਤਣਾਅ ਭਰੇ ਮਾਹੌਲ ਵਿਚ ਇਕ ਹੋਰ ਵਿਵਾਦਪੂਰਨ ਘਟਨਾ ਸਾਹਮਣੇ ਆਈ ਹੈ, ਜਦੋਂ ਕਾਂਗਰਸੀ ਵਰਕਰ ਸੁਖਵਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਇਕ ਉਮੀਦਵਾਰ 'ਤੇ ਆਪਣੇ ਉੱਪਰ ਜਾਨਲੇਵਾ ਹਮਲਾ ਕਰਵਾਉਣ ਦੇ ਗੰਭੀਰ ਦੋਸ਼ ਲਾਏ ਅਤੇ ਇਸ ਵਿਰੁੱਧ ਤਹਿਸੀਲ ਰੋਡ 'ਤੇ ਸਰਕਾਰੀ ਸਕੂਲ ਆਫ ਐਮੀਨੈਂਸ ਸਾਹਮਣੇ ਸੈਂਕੜੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ | ਘਟਨਾ ਦਾ ਪਤਾ ਚੱਲਦਿਆਂ ਹੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਤੇ ਹੋਰ ਆਗੂ ਮੌਕੇ 'ਤੇ ਪੁੱਜੇ | ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਜਗਰਾਉਂ ਦੇ ਸਰਕਾਰੀ ਸੈਕੰਡਰੀ ਸਕੂਲ ਦੇ ਸਾਹਮਣੇ ਵਾਪਰੀ, ਜਿੱਥੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੋਲਿੰਗ ਪ੍ਰਕਿਰਿਆ ਚੱਲ ਰਹੀ ਸੀ | ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਪਹਿਲਾਂ ਕਾਂਗਰਸੀ ਸਮਰਥਕ ਅਤੇ ਵਰਕਰ ਹਲਕਾ ਵਿਧਾਇਕਾ ਨੂੰ ਪੋਲਿੰਗ ਬੂਥ ਵਿਚ ਜਾਣ ਤੋਂ ਰੋਕਣ ਦੀ ਮੰਗ ਕਰ ਰਹੇ ਸਨ | ਇਸ ਦੌਰਾਨ ਮੌਕੇ 'ਤੇ ਮਾਹੌਲ ਤਣਾਅਪੂਰਨ ਬਣ ਗਿਆ ਅਤੇ ਦੋਵਾਂ ਧਿਰਾਂ ਦੇ ਸਮਰਥਕਾਂ ਵਿਚਾਲੇ ਬਹਿਸਬਾਜ਼ੀ ਹੋਣ ਲੱਗੀ | ਇਸੇ ਦੌਰਾਨ ਮਾਮਲੇ ਨੇ ਉਸ ਵੇਲੇ ਹੋਰ ਗੰਭੀਰ ਰੂਪ ਧਾਰ ਲਿਆ ਜਦੋਂ ਕੁਝ ਵਿਅਕਤੀਆਂ ਵਲੋਂ ਸੁਖਵਿੰਦਰ ਸਿੰਘ ਉੱਤੇ ਹਮਲਾ ਕਰਨ ਦੇ ਦੋਸ਼ ਸਾਹਮਣੇ ਆਏ | ਸੁਖਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ 'ਤੇ ਅਚਾਨਕ ਹਮਲਾ ਕੀਤਾ ਗਿਆ, ਜਿਸ ਦਾ ਨਾਲ ਉਸ ਦੀ ਪੱਗ ਵੀ ਉੱਤਰ ਗਈ ਅਤੇ ਸੱਟਾਂ ਵੀ ਲੱਗੀਆਂ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੋਸ਼ੀਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ | ਇਸ ਮੌਕੇ ਸਾਬਕਾ ਮੰਤਰੀ ਆਸ਼ੂ ਅਤੇ ਸਾਬਕਾ ਵਿਧਾਇਕ ਜੱਗਾ ਹਿੱਸੋਵਾਲ ਨੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਦਿਆਂ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਅਤੇ ਦਿਨ ਦਿਹਾੜੇ ਅਜਿਹੀਆਂ ਘਟਨਾਵਾਂ ਵਾਪਰਨਾ ਚਿੰਤਾਜਨਕ ਹੈ | ਉਨ੍ਹਾਂ ਇਹ ਵੀ ਕਿਹਾ ਕਿ ਲੋਕਤੰਤਰ ਵਿਚ ਚੋਣ ਪ੍ਰਕਿਰਿਆ ਦੌਰਾਨ ਹਿੰਸਾ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ | ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਅਤੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੋਸ਼ ਸਿਆਸੀ ਲਾਭ ਲਈ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੱਤਕਰਾਰੀ ਦੀ ਆੜ੍ਹ 'ਚ ਰਾਜਨੀਤੀ ਸੋਭਾ ਨਹੀਂ ਦਿੰਦੀ | ਇਸ ਪੂਰੇ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਲੋਂ ਇਕ-ਦੂਜੇ ਉੱਤੇ ਦੋਸ਼ ਲਗਾਏ ਅਤੇ ਇਕ-ਦੂਸਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ | ਪੁਲਿਸ ਵਲੋਂ ਘਟਨਾ ਵਾਲੀ ਥਾਂ ਅਤੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ | ਇਸ ਮਾਮਲੇ ਸਬੰਧੀ ਐਸ.ਪੀ. (ਐਚ) ਮਨਿੰਦਰਜੀਤ ਸਿੰਘ ਦਿਉਲ ਅਤੇ ਡੀ.ਐੱਸ.ਪੀ. ਕੁਲਵੰਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਪੁਲਿਸ ਅਧਿਕਾਰੀਆਂ ਵਲੋਂ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਕਾਂਗਰਸੀਆਂ ਵਲੋਂ ਧਰਨਾ ਚੁੱਕਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਹਲਕਾ ਸੰਗਠਨ ਇੰਚਾਰਜ ਪਰਮਿੰਦਰ ਸਿੰਘ ਸਿੱਧੂ ਵਲੋਂ ਪਿੰਡ ਸਦਰਪੁਰਾ ਵਿਖੇ ਨਵੇਂ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ ਕੀਤੀ <... ਅਗਲੀ ਖ਼ਬਰ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਕਿਸਾਨਾਂ ਦੀ ਚਿੰਤਾ ਵਧਾਈ-ਸਿਵੀਆ/ਤੱਤਲਾ/ਜੱਸਾ
Ad Position 24