ਰਾਏਕੋਟ, 29 ਮਈ (ਸੁਸ਼ੀਲ/ਬਲਵਿੰਦਰ ਸਿੰਘ ਲਿੱਤਰ)-26 ਮਈ ਨੂੰ ਨਗਰ ਕੌਂਸਲ ਰਾਏਕੋਟ ਦੀਆਂ ਪਾਈਆਂ ਗਈਆਂ ਵੋਟਾਂ ਦੇ ਅੱਜ ਆਏ ਨਤੀਜਿਆਂ ਵਿਚ ਕਾਂਗਰਸ ਨੇ ਧਮਾਕੇਦਾਰ ਜਿੱਤ ਦਰਜ ਕਰਦੇ ਹੋਏ ਸ਼ਹਿਰ ਦੇ ਕੁੱਲ 15 ਵਾਰਡਾਂ ਵਿੱਚੋਂ 11 ਵਾਰਡਾਂ 'ਤੇ ਸ਼ਾਨਦਾਰ ਜਿੱਤ ਦਰਜ ਕਰਕੇ ਇੱਕ ਵਾਰ ਮੁੜ ਨਗਰ ਕੌਂਸਲ 'ਤੇ ਆਪਣਾ ਕਬਜ਼ਾ ਕਾਇਮ ਰੱਖਿਆ ਹੈ | ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਖਾਤਾ ਵੀ ਨਹੀ ਖੁੱਲ ਸਕਿਆ ਹੈ | ਅੱਜ ਆਏ ਨਤੀਜਿਆਂ ਵਿਚ ਵਾਰਡ ਨੰਬਰ-1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੀਨਾ ਰਾਣੀ ਨੇ 419 ਵੋਟਾਂ ਹਾਸਲ ਕਰਕੇ ਕਾਂਗਰਸ ਦੀ ਉਮੀਦਵਾਰ ਬਿੰਦੂ ਗੁਪਤਾ (395) ਨੂੰ 24 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰਕੇ ਨਗਰ ਕੌਂਸਲ ਵਿਚ ਆਣ ਆਦਮੀ ਪਾਰਟੀ ਦਾ ਖਾਤਾ ਖੁਲਵਾਇਆ, ਪ੍ਰੰਤੂ ਜਿੱਤ ਦਾ ਇਹ ਸਿਲਸਿਲਾ ਵਾਰਡ ਨੰਬਰ-2 ਵਿਚ ਆਕੇ ਰੁਕ ਗਿਆ, ਜਿੱਥੇ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੇ 537 ਵੋਟਾਂ ਹਾਸਲ ਕਰਕੇ ਆਪ ਦੇ ਉਮੀਦਵਾਰ ਰਾਜੂ 349 ਨੂੰ 188 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ | ਵਾਰਡ ਨੰਬਰ 3 ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਕੌਰ ਨੇ 434 ਵੋਟਾਂ ਲੈ ਕੇ ਆਪ ਦੀ ਉਮੀਦਵਾਰ ਸੁਖਵਿੰਦਰ ਕੌਰ (275) ਨੂੰ 159 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ | ਵੋਟਾਂ ਵਾਲੇ ਦਿਨ ਹੋਈ ਹਿੰਸਾ ਕਾਰਨ ਸੁਰਖੀਆਂ 'ਚ ਰਹੇ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ (ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ) ਨੇ 825 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮਾਂਗਟ (374) 451 ਵੋਟਾਂ ਦੇ ਵੱਡੇੇ ਫਰਕ ਨਾਲ ਹਰਾ ਕੇੇ ਸ਼ਾਨਦਾਰ ਜਿੱਤ ਹਾਸਲ ਕੀਤੀ | ਵਾਰਡ ਨੰਬਰ 5 ਤੋਂ ਕਾਂਗਰਸ ਦੀ ਉਮੀਦਵਾਰ ਪਰਮਜੀਤ ਕੌਰ ਨੇ 358 ਵੋਟਾਂ ਲੈ ਕੇ ਅਜ਼ਾਦ ਉਮੀਦਵਾਰ ਹਰਬੰਸ ਕੌਰ (311) ਨੂੰ 47 ਵੋਟਾਂ ਦੇ ਫਰਕ ਨਾਲ ਹਰਾਇਆ | ਵਾਰਡ ਨੰਬਰ-6 ਤੋਂ ਕਾਂਗਰਸੀ ਉਮੀਦਵਾਰ ਚਰਨਜੀਵ ਕੁਮਾਰ ਨੇ 552 ਵੋਟਾਂ ਲੈ ਕੇ ਆਪ ਦੇ ਉਮੀਦਵਾਰ ਜਸਵੀਰ ਸਿੰਘ (344) ਨੂੰ 208 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ | ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਸ਼ਰਨਜੀਤ ਕੌਰ ਨੇ 680 ਵੋਟਾਂ ਲੈ ਕੇ ਆਪ ਉਮੀਦਵਾਰ ਕਿਰਨ (299) ਨੂੰ 381 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ | ਵਾਰਡ ਨੰਬਰ-8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਹਿਲ ਗੋਇਲ ਨੇ 389 ਵੋਟਾਂ ਲੈ ਕੇ ਕਾਂਗਰਸੀ ਉਮੀਦਵਾਰ ਕੁਲਬੀਰ ਕੁਮਾਰ ਸ਼ਰਮਾ (299) ਨੂੰ 90 ਵੋਟਾਂ ਦੇ ਫਰਕ ਨਾਲ ਹਰਾਇਆ | ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਮਨਜੋਤ ਕੌਰ ਕਹਿਲ ਨੇ 545 ਵੋਟਾਂ ਲੈ ਕੇ ਕਾਂਗਰਸ ਦੀ ਆਸ਼ੂ ਜੈਨ (384) ਨੂੰ 161 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ | ਵਾਰਡ ਨੰਬਰ-10 ਤੋਂ ਕਾਂਗਰਸ ਦੇ ਉਮੀਦਵਾਰ ਸੰਜੇ ਕੁਮਾਰ ਨੇ 489 ਵੋਟਾਂ ਲੈ ਕੇ ਆਪ ਉਮੀਦਵਾਰ ਮਨੋਹਰ ਲਾਲ ਲਾਡੀ (320) ਨੂੰ 169 ਵੋਟਾਂ ਦੇ ਫਰਕ ਨਾਲ ਹਰਾਇਆ, ਜਦਕਿ ਇਸ ਵਾਰਡ ਵਿਚ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਉਮੀਦਵਾਰ ਹਰਵਿੰਦਰ ਸਿੰਘ ਨੂੰ 249 ਵੋਟਾਂ ਹਾਸਲ ਹੋਈਆਂ | ਵਾਰਡ ਨੰਬਰ 11 ਤੋਂ ਕਾਂਗਰਸ ਦੀ ਉਮੀਦਵਾਰ ਬਲਜੀਤ ਕੌਰ ਨੇ 298 ਵੋਟਾਂ ਲੈ ਕੇ ਆਪ ਦੀ ਉਮੀਦਵਾਰ ਸਰਬਜੀਤ ਕੌਰ (272) ਨੂੰ 26 ਵੋਟਾਂ ਨਾਲ ਹਰਾਇਆ | ਵਾਰਡ ਨੰਬਰ 12 ਤੋਂ ਕਾਂਗਰਸ ਦੇ ਉਮੀਦਵਾਰ ਬਲਜਿੰਦਰ ਸਿੰਘ ਰਿੰਪਾ ਨੇ 297 ਵੋਟਾਂ ਲੈ ਕੇ 'ਆਪ' ਉਮੀਦਵਾਰ ਇੰਦਰਜੀਤ ਸਿੰਘ (291) ਨੂੰ 6 ਵੋਟਾਂ ਦੇ ਫਰਕ ਨਾਲ ਹਰਾਇਆ | ਵਾਰਡ ਨੰਬਰ 13 'ਚ ਹੋਏ ਸਖ਼ਤ ਮੁਕਾਬਲੇ 'ਚ ਕਾਂਗਰਸ ਦੀ ਉਮੀਦਵਾਰ ਅਮਨਦੀਪ ਕੌਰ ਗਰੇਵਾਲ ਨੇ 157 ਵੋਟਾਂ ਲੈ ਕੇ ਵਿਰੋਧੀ ਆਪ ਪਾਰਟੀ ਦੀ ਉਮੀਦਵਾਰ ਸੋਨੀਆਂ ਮਿੱਢਾ (155) ਨੂੰ 2 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ | ਵਾਰਡ ਨੰਬਰ-14 ਤੋਂ ਆਪ ਉਮੀਦਵਾਰ ਮਨਜਿੰਦਰ ਸਿੰਘ ਕਾਕੂ ਨੇ 313 ਵੋਟਾਂ ਲੈ ਕੇ ਕਾਂਗਰਸ ਦੇ ਉਮੀਦਵਾਰ ਮੋਹਨ ਸਿੰਘ (249) ਨੂੰ 64 ਵੋਟਾਂ ਦੇ ਫਰਕ ਨਾਲ ਹਰਾਇਆ | ਵਾਰਡ ਨੰਬਰ-15 ਤੋਂ ਕਾਂਗਰਸ ਦੇ ਉਮੀਦਵਾਰ ਸੁਖਵੀਰ ਸਿੰਘ ਰਾਏ ਨੇ 444 ਵੋਟਾਂ ਲੈ ਕੇ 'ਆਪ' ਦੇ ਉਮੀਦਵਾਰ ਜਗਰੂਪ ਸਿੰਘ (441) ਨੂੰ ਤਿੰਨ ਵੋਟਾਂ ਦੇ ਫਰਕ ਨਾਲ ਹਰਾਇਆ |