ਬੀਜਾ, 29 ਮਈ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੁਪਾਲੋਂ ਵਿਖੇ ਇੰਟਰ ਹਾਊਸ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ | ਕ੍ਰਮਵਾਰ ਰਾਵੀ ਤੇ ਚਨਾਬ ਹਾਊਸ 'ਚੋਂ ਅਤੇ ਬਿਆਸ ਤੇ ਸਤਲੁਜ ਹਾਊਸ 'ਚੋਂ ਵਿਦਿਆਰਥੀਆਂ ਦੀਆਂ ਦੋ ਟੀਮਾਂ ਬਣਾਈਆਂ ਗਈਆਂ | ਅਮਨਦੀਪ ਕੌਰ ਅਤੇ ਮੱਲ ਸਿੰਘ ਦੁਆਰਾ ਰੈਫ਼ਰੀ ਦੀ ਡਿਊਟੀ ਨਿਭਾਈ ਗਈ | ਖੇਡ ਦੌਰਾਨ ਵਿਦਿਆਰਥੀਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ | ਖੇਡ ਦੇ ਅੱਧੇ ਟਾਈਮ ਸਮੇਂ ਤੱਕ ਮੈਚ ਬਰਾਬਰ ਰਿਹਾ | ਫਿਰ ਪੰਜ ਮਿੰਟ ਵਾਧੂ ਟਾਈਮ ਦਿੱਤੇ ਜਾਣ 'ਤੇ ਵੀ ਮੈਚ ਬਰਾਬਰ ਰਿਹਾ | ਮੈਚ ਬਰਾਬਰ ਰਹਿਣ ਕਾਰਨ ਫਿਰ ਪੰਜ ਪੰਜ ਪੈਨਲਟੀ ਕਿੱਕਾਂ ਦੋਵਾਂ ਟੀਮਾਂ ਨੂੰ ਦਿੱਤੀਆਂ ਗਈਆਂ | ਜਿਸ 'ਚ ਰਾਵੀ ਤੇ ਚਨਾਬ ਹਾਊਸ ਵਾਲੀ ਟੀਮ ਨੇ ਦੋ ਗੋਲ ਕੀਤੇ ਅਤੇ ਬਿਆਸ ਹਾਊਸ ਵਾਲੀ ਟੀਮ ਨੇ ਤਿੰਨ ਗੋਲ ਕਰ ਕੇ ਜਿੱਤ ਪ੍ਰਾਪਤ ਕੀਤੀ | ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਜੇਤੂ ਟੀਮ ਨੂੰ ਸ਼ਾਨਦਾਰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ ਡਾਇਰੈਕਟਰ ਕਰਮਵੀਰ ਸਿੰਘ, ਵਾਈਸ ਪਿ੍ੰਸੀਪਲ ਨਵਨੀਤ ਕੌਰ ਅਤੇ ਚੰਦਰੇਸ਼ ਕੁਮਾਰ ਦੀ ਦੇਖ-ਰੇਖ ਵਿਚ ਕਰਵਾਇਆ ਗਿਆ | ਅਖੀਰ ਵਿਚ ਉਨ੍ਹਾਂ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਭਾਗ ਲੈਣ ਲਈ ਵੀ ਪ੍ਰੇਰਿਤ ਕਰਦਿਆਂ ਕਿਹਾ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹਨ | ਇਨ੍ਹਾਂ ਨੂੰ ਜਿੱਤ ਦੇ ਮਕਸਦ ਨਾਲ ਨਹੀਂ, ਸਗੋਂ ਮਿਹਨਤ ਲਗਨ ਤੇ ਸੱਚ ਭਾਵਨਾ ਨਾਲ ਖੇਡਣਾ ਚਾਹੀਦਾ ਹੈ |