ਜਗਰਾਉਂ, 2 ਜੂਨ (ਗੁਰਦੀਪ ਸਿੰਘ ਮਲਕ)-ਨਗਰ ਕੌਂਸਲ ਚੋਣਾਂ 'ਚ ਕਾਂਗਰਸ ਦੇ ਜਿੱਤੇ 9 ਕੌਂਸਲਰਾਂ ਨੂੰ ਇਕੱਠੇ ਤੇ ਇਕ ਝੰਡੇ ਹੇਠਾਂ ਰੱਖਣਾ ਕਾਂਗਰਸ ਲਈ ਹੀ ਚੁਣੌਤੀ ਬਣ ਗਿਆ ਮਹਿਸੂਸ ਹੁੰਦਾ ਹੈ | ਇਹੋ ਕਾਰਨ ਹੈ ਕਿ ਕਾਂਗਰਸ ਦੀ ਅੱਜ ਇੱਥੇ ਹੋਈ ਮੀਟਿੰਗ 'ਚ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਵਾਰ-ਵਾਰ ਹੱਥ ਜੋੜਦੇ ਤੇ ਅਪੀਲਾਂ ਕਰਦੇ ਦਿਖਾਈ ਦਿੱਤੇ | ਪਹਿਲਾਂ ਹੀ ਟਿਕਟਾਂ ਦੀ ਗਲਤ ਵੰਡ ਕਰਕੇ ਘੱਟ ਸੀਟਾਂ ਜਿੱਤਣ ਦਾ ਖਮਿਆਜ਼ਾ ਭੁਗਤ ਰਹੀ ਕਾਂਗਰਸ ਹੁਣ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਮੇਂ ਪਾਰਟੀ ਕੌਂਸਲਰਾਂ ਦੇ ਟੁੱਟ ਕੇ ਸੱਤਾ ਧਿਰ 'ਆਪ' ਨੂੰ ਹਮਾਇਤ ਦੇਣ ਨਾਲ ਵੱਜਣ ਵਾਲੀ ਸੱਟ, ਇਸ ਤੋਂ ਵੀ ਵੱਡਾ ਝਟਕਾ ਤੇ ਵੱਡਾ ਖਮਿਆਜ਼ਾ ਭੁਗਤਣ ਵਾਲੀ ਸਾਬਤ ਹੋ ਸਕਦੀ ਹੈ | ਇਸ ਤੋਂ ਬਚਾਅ ਲਈ ਹੀ ਸ਼ਾਇਦ ਅੱਜ ਮੀਟਿੰਗ ਕਰਕੇ ਇਹ ਉਪਰਾਲਾ ਕੀਤਾ ਗਿਆ | ਟਿਕਟਾਂ ਦਿਵਾਉਣ ਵਾਲੇ ਜੱਗਾ ਹਿੱਸੋਵਾਲ ਤੇ ਬਲਾਕ ਪ੍ਰਧਾਨਾਂ ਹਰਪ੍ਰੀਤ ਸਿੰਘ ਤੇ ਨਵਦੀਪ ਸਿੰਘ ਦੇ ਸਿਰ ਸਾਰੀ ਜ਼ਿੰਮੇਵਾਰੀ ਹੈ | ਪਿਛਲੀ ਵਾਰ ਵੀ ਕਾਂਗਰਸ ਦੇ ਕੁਝ ਕੌਂਸਲਰਾਂ ਦੀ 'ਹਮਾਇਤ' ਨਾਲ ਹੀ 'ਆਪ' ਆਪਣਾ ਪ੍ਰਧਾਨ ਬਣਾਉਣ 'ਚ ਕਾਮਯਾਬ ਹੋਈ ਸੀ ਅਤੇ ਜੇਕਰ ਇਸ ਵਾਰ ਵੀ ਇਹ ਇਤਿਹਾਸ ਦੁਹਰਾਇਆ ਜਾਂਦਾ ਹੈ ਤਾਂ ਸਿੱਧੇ ਤੌਰ 'ਤੇ ਇਹੋ ਆਗੂ ਜ਼ਿੰਮੇਵਾਰ ਮੰਨੇ ਜਾਣਗੇ | ਜ਼ਿਕਰਯੋਗ ਹੈ ਕਿ ਕਾਂਗਰਸ ਤੇ 'ਆਪ' ਦੇ 9-9 ਕੌਂਸਲਰ ਜਿੱਤੇ ਹਨ ਤੇ ਪ੍ਰਧਾਨ ਬਣਨ ਲਈ 4 ਹੋਰ ਕੌਂਸਲਰਾਂ ਦੀ ਲੋੜ ਪਵੇਗੀ | ਇਕ ਵੋਟ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਵੀ ਗਿਣੀ ਜਾਵੇਗੀ | ਭਾਜਪਾ ਦੇ ਚਾਰ ਕੌਂਸਲਰ ਹਨ ਪਰ ਉਹ ਕਿਸੇ ਵੀ ਸੂਰਤ 'ਚ ਕਾਂਗਰਸ ਤੇ 'ਆਪ' ਨੂੰ ਹਮਾਇਤ ਨਹੀਂ ਦੇਣਗੇ | ਕਾਂਗਰਸ ਵਾਂਗ ਉਨ੍ਹਾਂ 'ਚੋਂ ਵੀ ਸਿਰਫ਼ ਇਕ ਕੌਂਸਲਰ ਦੇ ਅਜਿਹਾ ਕਰਨ ਦੀ ਸੰਭਾਵਨਾ ਹੈ ਜੋ ਪਿਛਲੀ ਵਾਰ ਵੀ ਸੱਤ੍ਹਾ ਧਿਰ ਨਾਲ ਮਿਲ ਕੇ ਚੱਲਣ ਲਈ ਜਾਣਿਆ ਜਾਂਦਾ ਹੈ | ਇਨ੍ਹਾਂ ਕੌਂਸਲਰਾਂ ਨੂੰ 'ਸਾਂਭ' ਕੇ ਰੱਖਣ ਕਾਂਗਰਸ ਤੇ ਭਾਜਪਾ ਦੋਹਾਂ ਲਈ ਚੁਣੌਤੀ ਹੈ | ਕਾਂਗਰਸ ਦੀ ਮੀਟਿੰਗ ਦੌਰਾਨ ਜੱਗਾ ਹਿੱਸੋਵਾਲ ਨੇ ਜੇਤੂ ਕੌਂਸਲਰਾਂ ਨੂੰ ਇਕ ਮਾਲਾ ਦੇ ਮੋਤੀ ਬਣਕੇ ਰਹਿਣ ਦੀ ਅਪੀਲ ਕੀਤੀ | ਉਨ੍ਹਾਂ ਜਲਦ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲਾਉਣ ਤੇ ਸਨਮਾਨ ਕਰਵਾਉਣ ਦਾ ਚੋਗਾ ਵੀ ਪਾਇਆ | ਬਜ਼ੁਰਗ ਕਾਂਗਰਸੀ ਆਗੂ ਤੇ ਸਾਬਕਾ ਬਲਾਕ ਪ੍ਰਧਾਨ ਗੋਪਾਲ ਸ਼ਰਮਾ ਨੇ ਵੀ ਆਪਣੇ ਤਜ਼ਰਬੇ 'ਚੋਂ ਕਾਂਗਰਸੀ ਕੌਂਸਲਰਾਂ ਨੂੰ ਪਾਰਟੀ ਦੇ ਵਫ਼ਾਦਾਰ ਬਣੇ ਰਹਿਣ ਤੇ ਪਿਛਲੀ ਵਾਰ ਗਲਤੀ ਨਾ ਦੁਹਰਾਉਣ ਦੀ ਨਸੀਹਤ ਦਿੱਤੀ | ਇਸ ਸਮੇਂ ਜੇਤੂ ਕੌਂਸਲਰਾਂ ਨੂੰ ਵੀ ਸਨਮਾਨਿਤ ਵੀ ਕੀਤਾ ਗਿਆ ਜਿਨ੍ਹਾਂ 'ਚੋਂ ਹੀ ਕੁਝ ਕੁ ਦੇ 'ਧੋਖਾ' ਦੇਣ ਦੇ ਆਸਾਰ ਹਨ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਗੁਰਪ੍ਰੀਤ ਕੌਰ ਤਤਲਾ, ਕਵਿਤਾ ਕੱਕੜ, ਮਨਜੀਤ ਕੌਰ, ਵਿੱਕੀ ਸਿੰਘ, ਬੌਬੀ ਕਪੂਰ, ਵਿਕਰਮ ਜੱਸੀ, ਵਰਿੰਦਰ ਸਿੰਘ ਕਲੇਰ, ਸੁਖਚੈਨ ਧਾਲੀਵਾਲ, ਪਰਮਿੰਦਰ ਕਲਿਆਣ, ਸਤਿੰਦਰਜੀਤ ਤਤਲਾ, ਜਰਨੈਲ ਸਿੰਘ ਲੋਹਟ, ਪਵਨ ਕੱਕੜ, ਅਸ਼ਵਨੀ ਕੁਮਾਰ, ਯੋਧਾ ਪਹਿਲਵਾਨ, ਰਿੰਪੀ ਲੱਧੜ ਆਦਿ ਮੌਜੂਦ ਸਨ |