ਮੁੱਲਾਂਪੁਰ-ਦਾਖਾ, 25 ਜੂਨ (ਨਿਰਮਲ ਸਿੰਘ ਧਾਲੀਵਾਲ)-ਭੂਰੀ ਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਬ੍ਰਹਮਲੀਨ ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲੇ, ਸਵਾਮੀ ਲਾਲ ਦਾਸ ਰਕਬਾ ਵਾਲੇ, ਸਤਿਗੁਰੂ ਗਊਆਂ ਵਾਲਿਆਂ ਦੀ ਮਿੱਠੜੀ ਯਾਦ ਵਿਚ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਸ੍ਰੀ ਲਾਲਪੁਰੀ ਧਾਮ ਰਕਬਾ ਦੀ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਨਿਰਜਲਾ ਇਕਾਦਸ਼ੀ ਮੌਕੇ ਮੰਡੀ ਮੁੱਲਾਂਪੁਰ-ਦਾਖਾ (ਲੁਧਿਆਣਾ) ਵਿਖੇ ਮੁੱਖ ਚੌਂਕ ਨੇੜੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਛਬੀਲ ਦੀ ਰਸਮੀ ਸ਼ੁਰੂਆਤ ਮੌਕੇ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਭੂਰੀਵਾਲਿਆਂ ਵਲੋਂ ਮੰਗਲਾਚਰਣ’ ਦੀ ਅਰਦਾਸ ਉਪਰੰਤ ਛਬੀਲ ’ਤੇ ਖੁਦ ਰਾਹਗੀਰਾਂ ਅਤੇ ਸੰਗਤਾਂ ਨੂੰ ਜਲ ਛਕਾਉਂਦਿਆਂ ਕਿਹਾ ਕਿ ਸਨਾਤਨ ਧਰਮ ਵਿਚ ਨਿਰਜਲਾ ਇਕਾਦਸ਼ੀ ਦਾ ਬਹੁਤ ਵੱਡਾ ਮਹੱਤਵ ਹੈ, ਇਸ ਪਾਵਨ ਦਿਵਸ ਮੌਕੇ ਛਬੀਲਾਂ ਲਗਾ ਕੇ ਪਿਆਸੇ ਨੂੰ ਜਲ ਛਕਾਉਣ ਨਾਲ ਪੁੰਨ ਮਿਲਦੇ ਹਨ। ਅਚਾਰੀਆ ਜੀ ਨੇ ਦੱਸਿਆ ਕਿ ਭੂਰੀਵਾਲੇ ਗੁਰਗੱਦੀ ਪਰੰਪਰਾ ਦੁਆਰਾ ਭੁੱਖੇ ਨੂੰ ਅੰਨ੍ਹ, ਪਿਆਸੇ ਨੂੰ ਪਾਣੀ, ਨਿਰਵਸਤਰ ਨੂੰ ਵਸਤਰ ਦਾਨ ਕਰਨ ਦੀ ਪ੍ਰੇਰਣਾ ਕੀਤੀ ਜਾਂਦੀ ਹੈ। ਅੱਜ ਮੰਡੀ ਮੁੱਲਾਂਪੁਰ ਵਿਚ ਛਬੀਲ ਮੌਕੇ ਧਾਮ ਰਕਬਾ ਦੀ ਸੰਗਤ ਵਲੋਂ ਜਲ ਦੀ ਸੇਵਾ ਕੀਤੀ ਗਈ।