ਮਲੌਦ, 25 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਦੀ ਰਾਜਨੀਤੀ ਵਿਚ ਵਿਧਾਨ ਸਭਾ ਹਲਕਾ ਪਾਇਲ ਦੀ ਅਹਿਮ ਭੂਮਿਕਾ ਰਹੀ ਹੈ, ਰਿਜ਼ਰਵ ਸ਼ੇ੍ਣੀ ਨਾਲ ਸੰਬੰਧਿਤ ਹਲਕਾ ਪਾਇਲ ਤੋਂ 2022 ਵਿਚ ਹਨੇਰੀ ਬਣ ਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਤਰਫ਼ੋਂ ਮੌਜੂਦਾ ਸਮੇਂ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਅਗਵਾਈ ਕਰ ਰਹੇ ਹਨ, ਜੋ ਸਵੇਰੇ ਸਾਜਰੇ ਤੋਂ ਦੇਰ ਰਾਤ ਤੱਕ ਹਲਕਾ ਪਾਇਲ ਦੇ ਪਿੰਡਾਂ ਅੰਦਰ ਹੀ ਜੱਦੋ ਜਹਿਦ ਨਾਲ ਵਿਚਰਦੇ ਰਹਿੰਦੇ ਹਨ। ਵਿਧਾਇਕ ਗਿਆਸਪੁਰਾ ਦਾ ਭਾਵੇਂ ਕਹਿਣਾ ਹੈ ਕਿ 2027 ਲਈ ਪਾਰਟੀ ਹਾਈਕਮਾਨ ਦੁਆਰਾ ਹਰੀ ਝੰਡੀ ਮਿਲ ਚੁੱਕੀ ਹੈ। ਆਮ ਆਦਮੀ ਪਾਰਟੀ ਦੀ ਟਿਕਟ ਦੇ ਦੂਜੇ ਦਾਅਵੇਦਾਰ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਡਾ, ਜਸਪ੍ਰੀਤ ਸਿੰਘ ਬੀਜਾ ਵੀ ਜੋ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦਾ ਪ੍ਰਚਾਰ ਕਰਨ ਲਈ ਪਿੰਡ-ਪਿੰਡ ਪਹੁੰਚ ਕਰ ਰਹੇ ਹਨ। ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦਾ ਹਲਕੇ ਪਾਇਲ ਅੰਦਰ ਟਿਕਟਾਂ ਦੇ ਮਾਮਲੇ ’ਚ ਕੋਈ ਕਾਂਗਰਸੀ ਸਿਆਸੀ ਸਰੀਕ ਨਜ਼ਰ ਨਹੀਂ ਆ ਰਿਹਾ। ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਹਨ, ਜਿਨ੍ਹਾ ਦੀ ਮਦਦ ਟਕਸਾਲੀ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ: ਰਘਵੀਰ ਸਿੰਘ ਸਹਾਰਨ ਮਾਜਰਾ ਤੇ ਇੰਜ: ਜਗਦੇਵ ਸਿੰਘ ਬੋਪਾਰਾਏ ਕਰ ਰਹੇ ਹਨ । ਪਰ ਮਦਨੀਪੁਰ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇ: ਹਰਪਾਲ ਸਿੰਘ ਜੱਲ੍ਹਾ ਅਤੇ 2017 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਗੁਰਪ੍ਰੀਤ ਸਿੰਘ ਲਾਪਰਾਂ ਵੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਟਿਕਟ ਲੈਣ ਲਈ ਜੋਰ ਅਜ਼ਮਾਈ ਕਰ ਰਹੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਰਟੀ ਨਾਲ ਸੰਬੰਧਿਤ ਇੱਕ ਸਾਬਕਾ ਚੇਅਰਮੈਨ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਬਕਾ ਪਾਰਲੀਮਾਨੀ ਸਕੱਤਰ ਬਿਕਰਮਜੀਤ ਸਿੰਘ ਖ਼ਾਲਸਾ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਤਵਿੰਦਰ ਕੌਰ ਧਾਲੀਵਾਲ ਦੀ ਵੀ ਹਲਕਾ ਪਾਇਲ ਉੱਪਰ ਅੱਖ ਰੱਖੀ ਦੱਸੀ ਜਾ ਰਹੀ ਹੈ। ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਵਲੋਂ ਸੰਦੀਪ ਸਿੰਘ ਰੁਪਾਲੋਂ ਟਿਕਟ ਪ੍ਰਾਪਤੀ ਦੇ ਦਾਵੇਦਾਰ ਹਨ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਅ) ਵੀ ਚੋਣ ਮੈਦਾਨ ਵਿਚ ਆਉਣਗੇ। ਪ੍ਰੰਤੂ ਅਜੇ ਕੋਈ ਉਮੀਦਵਾਰੀ ਦੇ ਸਪਸ਼ਟ ਚਿਹਰੇ ਸਾਹਮਣੇ ਨਹੀਂ ਆਏ। ਹੁਣ ਦੇਖੋ ਇਹ ਤਾਂ ਸਮਾਂ ਹੀ ਦੱਸੇਗਾ ਕਿ ਕੌਣ 2027 ਵਿਚ ਹਲਕੇ ਪਾਇਲ ਤੋਂ ਵਿਧਾਇਕ ਵਜੋਂ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਕੇ ਕੌਣ ਅਗਵਾਈ ਕਰੇਗਾ..?