ਜਗਰਾਉਂ, 28 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਰੇਲਵੇ ਫਾਟਕ ਤਹਿਸੀਲ ਰੋਡ ਜਗਰਾਉਂ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਅਧੂਰੀ ਪਈ ਸੜਕ ਨੂੰ ਸ਼ਾਇਦ ਨਗਰ ਕੌਂਸਲ ਭੁੱਲੀ ਬੈਠੀ ਹੈ। ਭਾਵੇਂ ਕਿ ਹਾਲ ਹੀ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ’ਚ ਜੇਤੂ ਕੌਂਸਲਰ ਜਿਨ੍ਹਾਂ ਨੇ ਅਜੇ ਸੌਂਹ ਵੀ ਨਹੀਂ ਚੁੱਕੀ ਵਲੋਂ ਆਪਣੇ ਆਪਣੇ ਵਾਰਡਾਂ ਵਿੱਚ ਵਿਕਾਸ ਦੇ ਕੰਮ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਦੂਜੇ ਪਾਸੇ ਲਗਭਗ ਛੇ ਮਹੀਨੇ ਪਹਿਲਾਂ ਰੇਲਵੇ ਪੁਲ ਥੱਲੇ ਵਾਲੀ ਸੜਕ ’ਤੇ ਨਗਰ ਕੌਂਸਲ ਵਲੋਂ ਇੰਟਰਲਾਕ ਟਾਈਲਾਂ ਲਾ ਕੇ ਪੱਕਾ ਕਰਨ ਲਈ ਕੰਮ ਸ਼ੁਰੂ ਕੀਤਾ ਸੀ, ਪਰ ਫਾਟਕਾਂ ਲਾਗੇ ਪੱਪੀ ਜੂਸ ਬਾਰ ਤੋਂ ਲੈ ਕੇ ਅਖ਼ਬਾਰਾਂ ਵਾਲੀ ਦੁਕਾਨ ਤੱਕ ਜੋ ਕੁਝ ਫਰਲਾਂਗ ਸੜਕ ਹੈ ’ਤੇ ਨਗਰ ਕੌਂਸਲ ਟਾਈਲਾਂ ਲਾਉਣੀਆਂ ਭੁੱਲ ਗਈ ਹੈ। ਇਹ ਕੰਮ ਇਸ ਕਰਕੇ ਛੱਡਿਆ ਸੀ ਕਿ ਇੱਥੇ ਪਾਣੀ ਵਾਲੀ ਪਾਈਪ ਜੋੜਨੀ ਹੈ, ਪਰ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਹ ਸੜਕ ਅਧੂਰੀ ਪਈ ਹੈ। ਇਸ ਬਾਬਤ ਕਾਰਜ ਸਾਧਕ ਅਧਿਕਾਰੀ ਨਾਲ ਕਈ ਵਾਰ ਗੱਲਬਾਤ ਹੋਈ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਨਗਰ ਕੌਂਸਲ ਦੀ ਅਣਗਹਿਲੀ ਕਾਰਨ ਆਸਪਾਸ ਦੇ ਦੁਕਾਨਦਾਰ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਨੂੰ ਅਨੇਕਾਂ ਹੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਇਸ ਅਧੂਰੀ ਪਈ ਸੜਕ ਨੂੰ ਜਲਦ ਤੋਂ ਜਲਦ ਬਣਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਜਦ ਕਾਰਜ ਸਾਧਕ ਅਧਿਕਾਰੀ ਰੋਹਿਤ ਸ਼ਰਮਾ ਹੋਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਤਕਨੀਕੀ ਕਾਰਨਾਂ ਕਰਕੇ ਕੰਮ ਰੁਕਿਆਂ ਹੋਇਆਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕੁਝ ਦਿਨ ਅੰਦਰ ਹੀ ਇਸ ਅਧੂਰੀ ਪਈ ਸੜਕ ਨੂੰ ਬਣਾ ਦਿੱਤਾ ਜਾਵੇਗਾ।