ਗੁਰੂਸਰ ਸੁਧਾਰ , 29 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਜਰਮਨੀ ਦੇ ਸ਼ਹਿਰ ਵਰਮਜ਼ ਨਾਲ ਸੰਬੰਧਿਤ ਤਰਨਵੀਰ ਕੌਰ ਸਿੰਘ ਇਕ ਅਜਿਹੀ ਨੌਜਵਾਨ ਸ਼ਖ਼ਸੀਅਤ ਹੈ, ਜਿਸ ਨੇ ਸਾਬਤ ਕੀਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਪ੍ਰਵਾਸੀ ਪਿਛੋਕੜ ਕਿਸੇ ਵੀ ਉੱਚੀ ਉਡਾਣ ਵਿਚ ਰੁਕਾਵਟ ਨਹੀਂ ਬਣਦਾ । ਕਸਬਾ ਗੁਰੂਸਰ ਸੁਧਾਰ ਨਜ਼ਦੀਕ ਸਥਿਤ ਨਾਮੀ ਪਿੰਡ ਬੋਪਾਰਾਏ ਕਲਾਂ ਦੇ ਸਾਬਕਾ ਸਰਪੰਚ ਸਵ: ਅਮਰਜੀਤ ਸਿੰਘ ਦੀ ਪੋਤਰੀ, ਸਾਬਕਾ ਸਰਪੰਚ ਤੇ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਦਿਓਲ ਦੀ ਭਤੀਜੀ ਅਤੇ ਜਸਕਰਨਜੀਤ ਸਿੰਘ ਦਿਉਲ ਦੀ ਪੁੱਤਰੀ ਤਰਨਵੀਰ ਕੌਰ ਸਿੰਘ ਦਾ ਸਫ਼ਰ ਸਿਰਫ਼ ਨਿੱਜੀ ਸਫ਼ਲਤਾ ਦੀ ਕਹਾਣੀ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ, ਲੋਕਤੰਤਰਿਕ ਕਦਰਾਂ-ਕੀਮਤਾਂ ਅਤੇ ਮਨੁੱਖੀ ਸੇਵਾ ਦੀ ਜੀਵੰਤ ਮਿਸਾਲ ਹੈ। ਉਹ 2019 ਤੋਂ ਜਰਮਨੀ ਦੀ ਪ੍ਰਸਿੱਧ ਸੇਵਾ ਸੰਸਥਾ ‘ਆਰਬਾਈਟਰ-ਸਮਾਰਿਟਰ- ਸੰਸਥਾ’ (ਏ.ਐੱਸ.ਬੀ.) ਨਾਲ ਜੁੜੀ ਹੋਈ ਹੈ। ਹੜ੍ਹਾਂ, ਆਫ਼ਤਾਂ ਅਤੇ ਮਨੁੱਖੀ ਸੰਕਟਾਂ ਦੇ ਸਮੇਂ ਸੇਵਾ ਲਈ ਸਮਰਪਿਤ ਇਸ ਸੰਸਥਾ ਵਿਚ ਉਸ ਦੀ ਭਾਗੀਦਾਰੀ ਉਸਦੇ ਸੇਵਾ-ਭਾਵ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ, ਉਸਨੇ ਵਰਮਜ਼ ਦੇ ਯੂਥ ਪਾਰਲੀਮੈਂਟ ਵਿਚ ਪਹਿਲਾਂ ਪ੍ਰੈਸ ਬੁਲਾਰਨ ਅਤੇ ਬਾਅਦ ਵਿਚ 2023 ਤੋਂ 2025 ਤੱਕ ਚੇਅਰਪਰਸਨ ਵਜੋਂ ਸੇਵਾ ਨਿਭਾਈ। ਉਸ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਲੋਕਤੰਤਰਿਕ ਪ੍ਰਕਿਰਿਆਵਾਂ ਨਾਲ ਜੋੜਨ, ਰਾਜਨੀਤਿਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਸ਼ਹਿਰੀ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਮਹੱਤਵਪੂਰਨ ਯਤਨ ਕੀਤੇ ਗਏ। ਤਰਨਵੀਰ ਨੇ ਆਪਣੀ ਸਰਗਰਮੀ ਨੂੰ ਸਿਰਫ਼ ਰਾਜਨੀਤੀ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਉਹ ਸਮਾਜਿਕ ਨਿਆਂ, ਬਰਾਬਰੀ, ਸਹਿਣਸ਼ੀਲਤਾ ਅਤੇ ਨਸਲਵਾਦ ਵਿਰੁੱਧ ਜਾਗਰੂਕਤਾ ਲਈ ਵੀ ਲਗਾਤਾਰ ਕੰਮ ਕਰ ਰਹੀ ਹੈ। 2024 ਤੋਂ ਉਹ ਵਰਮਜ਼ ਸ਼ਹਿਰ ਦੀ ਯੰਗ ਸੋਸ਼ਲਿਸਟਸ (ਜਿਊਸੋਸ) ਸੰਸਥਾ ਦੀ ਪ੍ਰਧਾਨ ਵਜੋਂ ਵੀ ਸੇਵਾ ਕਰ ਰਹੀ ਹੈ। ਸਮਾਜ ਲਈ ਵਿਲੱਖਣ ਅਤੇ ਨਿਸ਼ਕਾਮ ਸੇਵਾਵਾਂ ਸਦਕਾ 2024 ਵਿਚ ਤਰਨਵੀਰ ਕੌਰ ਨੂੰ ਐੱਸ ਡਬਲਿਊ ਆਰ ਪੁਆਇੰਟ ਆਫ਼ ਆਨਰ ਵੱਕਾਰੀ ਸਨਮਾਨ ਵੀ ਦਿੱਤਾ ਗਿਆ। ਜਰਮਨੀ ਵਿਚ ਪੜ੍ਹ ਰਹੇ ਪੰਜਾਬੀ ਨੌਜਵਾਨਾਂ ਲਈ ਤਰਨਵੀਰ ਇਕ ਮਿਸਾਲ ਹੈ ਕਿ ਉਹ ਆਪਣੀ ਪਹਿਚਾਣ ਨੂੰ ਸੰਭਾਲਦੇ ਹੋਏ ਮੁੱਖ ਧਾਰਾ ਸਮਾਜ ਵਿਚ ਲੀਡਰਸ਼ਿਪ ਦੀ ਭੂਮਿਕਾ ਨਿਭਾ ਸਕਦੇ ਹਨ। ਤਰਨਵੀਰ ਕੌਰ ਸਿੰਘ ਵਰਗੀਆਂ ਨੌਜਵਾਨ ਸ਼ਖ਼ਸੀਅਤਾਂ ਇਹ ਸਾਬਤ ਕਰ ਰਹੀਆਂ ਹਨ ਕਿ ਸੇਵਾ, ਸਿੱਖਿਆ, ਲੋਕਤੰਤਰ ਅਤੇ ਮਨੁੱਖਤਾ ਦੇ ਰਾਹ ‘ਤੇ ਤੁਰ ਕੇ ਨਾ ਸਿਰਫ਼ ਆਪਣਾ, ਸਗੋਂ ਪੂਰੇ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ ਜਾ ਸਕਦਾ ਹੈ।