ਜਗਰਾਉਂ, 29 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ ਅਤੇ ਪ੍ਰਧਾਨਗੀ ਦੀ ਕੁਰਸੀ ਹਾਸਿਲ ਕਰਨ ਲਈ ਅੰਦਰੂਨੀ ਗਤੀਵਿਧੀਆਂ ਜ਼ੋਰਾਂ ’ਤੇ ਹਨ। ਭਾਵੇਂ ਕਈ ਚਿਹਰੇ ਇਸ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਪਰ ਇਸ ਵਾਰ ਜ਼ਿਆਦਾਤਰ ਕੌਂਸਲਰਾਂ ਦਾ ਰੁਝਾਨ ਨਿੱਜੀ ਸਿਆਸੀ ਵਫ਼ਾਦਾਰੀਆਂ ਦੀ ਬਜਾਏ ਆਪਣੇ-ਆਪਣੇ ਵਾਰਡਾਂ ਅਤੇ ਸ਼ਹਿਰ ਦੇ ਵਿਕਾਸ ਵੱਲ ਕੇਂਦਰਿਤ ਦਿਖਾਈ ਦੇ ਰਿਹਾ ਹੈ। ਇਹ ਵੀ ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਦੇ ਕੌਂਸਲਰ ਆਪਣੇ ਆਪਣੇ ਵਾਰਡਾਂ ’ਚ ਵਿਕਾਸ ਕਾਰਜਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਆਧਾਰ ’ਤੇ ਹੱਲ ਕਰਨ ਨੂੰ ਤਰਜੀਹ ਦੇਣਗੇ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਆਪਣੀ ਪਾਰਟੀ ਲਈ ਵੋਟ ਬੈਂਕ ਮਜ਼ਬੂਤ ਕਰ ਸਕਣ। ਚਰਚਾਵਾਂ ਅਨੁਸਾਰ ਕਈ ਕੌਂਸਲਰ ਇਸ ਗੱਲ ਨੂੰ ਸਮਝ ਰਹੇ ਹਨ ਕਿ ਜੇਕਰ ਨਗਰ ਕੌਂਸਲ ਦਾ ਪ੍ਰਧਾਨ ਸੱਤਾਧਾਰੀ ਧਿਰ ਨਾਲ ਤਾਲਮੇਲ ਵਿੱਚ ਹੋਵੇਗਾ ਤਾਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਪ੍ਰਾਪਤੀ, ਪ੍ਰਾਜੈਕਟਾਂ ਦੀ ਮਨਜ਼ੂਰੀ ਅਤੇ ਬੁਨਿਆਦੀ ਸਹੂਲਤਾਂ ਨਾਲ ਸੰਬੰਧਤ ਕੰਮ ਤੇਜ਼ੀ ਨਾਲ ਅੱਗੇ ਵਧ ਸਕਣਗੇ। ਇਸੇ ਕਰਕੇ ਇਹ ਸੰਭਾਵਨਾ ਬਣ ਰਹੀ ਹੈ ਕਿ ਸੱਤਾਧਾਰੀ ਧਿਰ ਵਲੋਂ ਪ੍ਰਧਾਨਗੀ ਲਈ ਜਿਸ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ, ਉਸ ਨੂੰ ਕਈ ਕੌਂਸਲਰਾਂ ਦਾ ਸਮਰਥਨ ਮਿਲ ਸਕਦਾ ਹੈ। ਇਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਪਿਛਲੇ ਕਾਰਜਕਾਲ ਦਾ ਉਹ ਤਜਰਬਾ ਵੀ ਮੰਨਿਆ ਜਾ ਰਿਹਾ ਹੈ ਜਦੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਵਿਧਾਇਕ ਵਿਚਕਾਰ ਬਣੇ ਟਕਰਾਅ ਕਾਰਨ ਵਿਕਾਸ ਕਾਰਜਾਂ ’ਤੇ ਨਕਾਰਾਤਮਕ ਪ੍ਰਭਾਵ ਪਿਆ ਸੀ। ਦੋਵਾਂ ਧਿਰਾਂ ਵਿਚਕਾਰ ਤਾਲਮੇਲ ਦੀ ਘਾਟ ਕਾਰਨ ਕਈ ਮਹੱਤਵਪੂਰਨ ਯੋਜਨਾਵਾਂ ਲੰਮੇ ਸਮੇਂ ਤੱਕ ਲਟਕਦੀਆਂ ਰਹੀਆਂ ਅਤੇ ਸ਼ਹਿਰ ਦੇ ਲੋਕਾਂ ਨੂੰ ਕਈ ਜ਼ਰੂਰੀ ਸਹੂਲਤਾਂ ਤੋਂ ਵਾਂਝਾ ਰਹਿਣਾ ਪਿਆ। ਇਸ ਸਥਿਤੀ ਨੇ ਨਾ ਸਿਰਫ਼ ਪ੍ਰਸ਼ਾਸਨਿਕ ਕੰਮਕਾਜ ਨੂੰ ਪ੍ਰਭਾਵਿਤ ਕੀਤਾ ਸੀ, ਸਗੋਂ ਕੌਂਸਲਰਾਂ ਨੂੰ ਵੀ ਆਪਣੇ ਵਾਰਡਾਂ ਵਿੱਚ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਕੌਂਸਲਰ ਅਜਿਹਾ ਕੋਈ ਵੀ ਸਿਆਸੀ ਟਕਰਾਅ ਨਹੀਂ ਚਾਹੁੰਦੇ ਜੋ ਭਵਿੱਖ ਵਿੱਚ ਸ਼ਹਿਰ ਦੇ ਵਿਕਾਸ ਨੂੰ ਰੋਕੇ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਚੋਣ ਸਿਰਫ਼ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਨਹੀਂ ਰਹੀ, ਬਲਕਿ ਇਹ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੀ ਰਾਜਨੀਤੀ ਦਾ ਰੁਖ ਵੀ ਤੈਅ ਕਰੇਗੀ। ਕਈ ਕੌਂਸਲਰ ਆਪਣੇ ਭਵਿੱਖ ਦੀ ਸਿਆਸਤ ਨੂੰ ਧਿਆਨ ਵਿੱਚ ਰੱਖਦਿਆਂ ਅਜਿਹਾ ਫੈਸਲਾ ਲੈਣਾ ਚਾਹੁੰਦੇ ਹਨ ਜਿਸ ਨਾਲ ਉਹ ਆਪਣੇ ਇਲਾਕਿਆਂ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾ ਕੇ ਲੋਕਾਂ ਵਿੱਚ ਆਪਣੀ ਪਕੜ ਮਜ਼ਬੂਤ ਕਰ ਸਕਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਇਸ ਦਾ ਸਿਆਸੀ ਲਾਭ ਵੀ ਲੈ ਸਕਣ। ਇਸ ਦੇ ਨਾਲ ਹੀ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਲਈ ਵੀ ਨਗਰ ਕੌਂਸਲ ਪ੍ਰਧਾਨ ਦੀ ਚੋਣ ਬੇਹੱਦ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਵਿਧਾਇਕਾ ਮਾਣੂੰਕੇ ਲੰਘੇ ਕਾਰਜਕਾਲ ਵਾਂਗ ਅਜਿਹਾ ਕੋਈ ਟਕਰਾਅ ਨਹੀ ਚਾਹੁੰਦੇ ਜਿਸਦਾ ਪ੍ਰਭਾਵ ਅਗਲੇਰੀਆਂ ਵਿਧਾਨ ਸਭਾ ਚੋਣਾਂ ’ਤੇ ਪਵੇ। ਵਿਧਾਇਕਾ ਬੀਬੀ ਮਾਣੂੰਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇ ਰਹਿੰਦੇ ਸਮੇੰ ਨੂੰ ਰਾਜਨੀਤਕ ਵਖਰੇਵਿਆਂ ਤੋੰ ਹਟਕੇ ਸ਼ਹਿਰ ਦੇ ਵਿਕਾਸ ਨੂੰ ਸਮਰਪਿਤ ਕਰਨਾ ਠੀਕ ਸਮਝਣਗੇ। ਫਿਲਹਾਲ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਜੋੜ-ਤੋੜ ਦਾ ਦੌਰ ਜਾਰੀ ਹੈ, ਪਰ ਸਪੱਸ਼ਟ ਸੰਕੇਤ ਮਿਲ ਰਹੇ ਹਨ ਕਿ ਇਸ ਵਾਰ ਨਿੱਜੀ ਰੰਜਿਸ਼ਾਂ ਜਾਂ ਗੁੱਟਬੰਦੀ ਤੋਂ ਉੱਪਰ ਉੱਠ ਕੇ ਕੌਂਸਲਰ ਵਿਕਾਸ ਦੀ ਰਾਜਨੀਤੀ ਨੂੰ ਪਹਿਲ ਦੇਣ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। ਜਗਰਾਉਂ ਦੀ ਸਥਾਨਕ ਸਿਆਸਤ ਵਿੱਚ ਇਹ ਚੋਣ ਆਉਣ ਵਾਲੇ ਦਿਨਾਂ ਵਿੱਚ ਕਾਫ਼ੀ ਦਿਲਚਸਪ ਮੋੜ ਲੈ ਸਕਦੀ ਹੈ।