ਮੁੱਲਾਂਪੁਰ-ਦਾਖਾ, 7 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਲੈਂਡ ਪੂਲਿੰਗ ਪਾਲਿਸੀ 2025 ਦਾ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਵਲੋਂ ਕਿਸਾਨਾਂ ਦੇ ਅਨਿਸ਼ਚਿਤ ਭਵਿੱਖ ਨੂੰ ਸਾਹਮਣੇ ਰੱਖ ਕੇ ਤਿੱਖਾ ਵਿਰੋਧ ਕੀਤਾ ਜਾ ਰਿਹਾ। ਪਿਛਲੇ ਵਰ੍ਹੇ ਰਾਜ ਭਰ ’ਚ ਕਿਸਾਨ-ਮਜ਼ਦੂਰ, ਸਿਆਸੀ ਧਿਰਾਂ ਵਲੋਂ ਸਮੂਹਿਕ ਵਿਰੋਧ ਅੱਗੇ ਝੁਕਦਿਆਂ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੇ 12 ਅਗਸਤ 2025 ਨੂੰ ਲੈਂਡ ਪੂਲਿੰਗ ਨੀਤੀ ਵਾਪਿਸ ਲੈ ਲਈ, ਹੁਣ ਚੁੱਪ-ਚਪੀਤੇ ਪੁਰਾਣੀ ਬੋਤਲ ’ਚ ਨਵੀਂ ਸ਼ਰਾਬ ਮਈ 2025 ਵਾਲੀ ਪਾਲਿਸੀ ਸੋਧੀ ਹੋਈ ਆਖ ਕੇ ਮੁੜ ਪੇਸ਼ ਕਰ ਦਿੱਤੀ, ਜੋ ਕਿਸਾਨ-ਮਜ਼ਦੂਰਾਂ ਦੇ ਹਿੱਤਾਂ ’ਚ ਨਹੀਂ, ਇਹ ਪ੍ਰਗਟਾਵਾ ਯੂਨੀਅਨ ਦੀ ਮੀਟਿੰਗ ’ਚ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋ ਵਲੋਂ ਪਾਲਿਸੀ ਦਾ ਤਿੱਖਾ ਵਿਰੋਧ ਕਰਦਿਆਂ ਕੀਤਾ। ਸ. ਲਲਤੋਂ ਨੇ ਕਿਹਾ ਕਿ ਲੈਂਡ ਪੂਲਿੰਗ ਜਿੱਥੇ ਕਿਸਾਨ-ਮਜ਼ਦੂਰ ਲਈ ਖਤਰਾ ਹੈ, ਉੱਥੇ ਭੋਜਨ ਸੁਰੱਖਿਆ ਤੇ ਵਾਤਾਵਰਨ ਸਥਿਰਤਾ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ 24,311 ਏਕੜ ਜ਼ਮੀਨ ਲੈਂਡ ਪੂਲਿੰਗ ਹੇਠ ਇਕੱਲੇ ਲੁਧਿਆਣਾ ਜ਼ਿਲ੍ਹੇ ਦੀ ਹੈ, ਪੂਰੇ ਪੰਜਾਬ ਦੇ 19 ਜ਼ਿਲ੍ਹਿਆਂ ’ਚ 65,533 ਏਕੜ ਐਕਵਾਇਰ ਹੋਣ ਨਾਲ ਪੰਜਾਬ ਦਾ ਉਜਾੜਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜ਼ਮੀਨ ਮਾਲਕਾਂ ਦਾ ਮੌਲਿਕ ਅਧਿਕਾਰ ਖੋਹ ਕੇ ਜ਼ਮੀਨਾਂ ਕਾਰਪੋਰੇਟ ਦੇ ਹੱਥਾਂ ’ਚ ਦੇਣਾ ਚਾਹੁੰਦੀ ਹੈ, ਜਿਸ ਦਾ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਤਿੱਖਾ ਵਿਰੋਧ ਕਰੇਗੀ। ਲੈਂਡ ਪੂਲਿੰਗ ਸੋਧੀ ਹੋਈ ਪਾਲਿਸੀ 2026 ਦੇ ਵਿਰੋਧ ਵਿਚ ਤਲਵੰਡੀ ਕਲਾਂ ਵਿਖੇ ਹੋਈ ਮੀਟਿੰਗ ਵਿਚ ਜਸਵੰਤ ਸਿੰਘ, ਰਣਜੀਤ ਸਿੰਘ ਗੁੜੇ, ਗੁਰਮੇਲ ਸਿੰਘ ਢੱਟ, ਅਮਰਜੀਤ ਸਿੰਘ, ਲਛਮਣ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਅਮਰੀਕ ਸਿੰਘ ਤਲਵੰਡੀ, ਹਰਪਾਲ ਸਿੰਘ ਸਵੱਦੀ, ਬਲਦੇਵ ਸਿੰਘ, ਗੁਰਦੇਵ ਸਿੰਘ ਢੱਟ ਤੇ ਹੋਰ ਮੌਜੂਦ ਰਹੇ।
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਮੀਟਿੰਗ- ਸੋਧੀ ਲੈਂਡ ਪੂਲਿੰਗ ਪਾਲਿਸੀ 2026 ਦਾ ਕੀਤਾ ਵਿਰੋਧ
ਅਜੀਤ ਡੈਸਕ
08-07-2026