ਰਾਏਕੋਟ, 28 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਜ਼ੋਨਲ ਪੱਧਰੀ ਗਰਮ ਰੁੱਤ ਸਕੂਲ ਖੇਡਾਂ-2026 ਬੜੀ ਸ਼ਾਨੋ-ਸ਼ੌਕਤ ਨਾਲ ਚੱਲ ਰਹੀਆਂ ਹਨ। ਇਨ੍ਹਾਂ ਖੇਡ ਮੁਕਾਬਲਿਆਂ ’ਚ ਇਲਾਕੇ ਦੀ ਨਾਮਵਰ ਵਿੱਦਿਆਕ ਸੰਸਥਾ ਸਰਦਾਰ ਸੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਫੁੱਟਬਾਲ ਤੇ ਕਬੱਡੀ ਦੇ ਮੁਕਾਬਲਿਆਂ ਦੌਰਾਨ ਸਕੂਲ ਦੇ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਖੇਡ ਭਾਵਨਾ ਦਾ ਲੋਹਾ ਮਨਵਾਇਆ। ਸ. ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਦੀ ਫੁੱਟਬਾਲ (ਲੜਕੇ) ਅੰਡਰ-14 ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਜ਼ੋਨ ਜੇਤੂ ਬਣੀ। ਇਸੇ ਤਰ੍ਹਾਂ ਸ. ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਦੀ ਅੰਡਰ-14 ਕਬੱਡੀ (ਲੜਕੀਆਂ) ਦੀ ਟੀਮ ਨੇ ਰੋਮਾਂਚਕ ਮੁਕਾਬਲੇ ਦੌਰਾਨ ਦੂਸਰਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-17 ਕਬੱਡੀ (ਲੜਕੀਆਂ) ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦੀ ਝੋਲੀ ਵਿਚ ਮਾਣਮੱਤੀਆਂ ਪ੍ਰਾਪਤੀਆਂ ਪਾਈਆਂ। ਇਸ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕਵਿਤਾ ਸ਼ਰਮਾ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਸਾਹਿਬਾਨਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਆਖਿਆ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਪਸੀ ਸ਼ਾਂਝ ਅਤੇ ਸਰੀਰਕ ਨਿਰੋਗਤਾ ਪੈਦਾ ਕਰਦੀਆਂ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਕੂਲ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਸੁਚਾਰੂ ਉਪਰਾਲੇ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹਿਣਗੇ। ਪਿ੍ੰਸੀਪਲ ਕਵਿਤਾ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਕੋਚ ਰਾਜਨਦੀਪ ਕੌਰ ਅਤੇ ਜਸਪਾਲ ਸਿੰਘ ਦੀ ਚੰਗੀ ਕਾਰਗੁਜ਼ਾਰੀ ਅਤੇ ਖਿਡਾਰੀਆਂ ਦੀ ਸਖ਼ਤ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਭਵਿੱਖ ਵਿਚ ਹੋਰ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।