ਅੰਮ੍ਰਿਤਸਰ, 28 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਬੀ.ਬੀ.ਕੇ. ਡੀ.ਏ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼, ਅੰਮ੍ਰਿਤਸਰ ਵਲੋਂ 11ਵੀਂ ਅਤੇ 12ਵੀਂ ਜਮਾਤਾਂ ਦੀਆਂ ਵਿਦਿਆਰਥਣਾਂ ਲਈ ‘ਪੀਅਰ ਪ੍ਰੈਸ਼ਰ ਅਤੇ ਮਾਨਸਿਕ ਸਿਹਤ’ ਵਿਸ਼ੇ ‘ਤੇ ਇਕ ਗਿਆਨ ਭਰਪੂਰ ਅਤੇ ਇੰਟਰਐਕਟਿਵ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਮਾਨਸਿਕ ਤੰਦਰੁਸਤੀ ਅਤੇ ਪੀਅਰ ਪ੍ਰੈਸ਼ਰ ਦੇ ਪ੍ਰਭਾਵ ਬਾਰੇ ਜਾਗਰੂਕ ਕਰਨ ਉਪਰੰਤ ਉਨ੍ਹਾਂ ਨੂੰ ਇਸ ਨਾਲ ਨਜਿੱਠਣ ਲਈ ਸਿਹਤਮੰਦ ਤਰੀਕੇ ਸਿਖਾਉਣਾ ਸੀ। ਇਹ ਸੈਸ਼ਨ ਡੀ-ਸਟਰੈੱਸ ਕਾਉਂਸਲਿੰਗ ਸੈਂਟਰ ਦੀ ਸੰਸਥਾਪਕ ਡਾ. ਸਿਮਰਦੀਪ ਗਿੱਲ ਅਤੇ ਮਨੋਵਿਗਿਆਨੀ ਮੈਡਮ ਮਨਮੀਤ ਅਤੇ ਮੈਡਮ ਆਰਤੀ ਦੁਆਰਾ ਕੀਤਾ ਗਿਆ। ਮਾਹਿਰਾਂ ਨੇ ਪੀਅਰ ਪ੍ਰੈਸ਼ਰ ਦੇ ਸੰਕਲਪ ਨੂੰ ਸਪੱਸ਼ਟ ਕਰਦਿਆਂ ਇਸ ਦੇ ਵੱਖ-ਵੱਖ ਰੂਪਾਂ ਜਿਵੇਂ ਕਿ ਸਿੱਧੇ, ਅਸਿੱਧੇ ਅਤੇ ਸਵੈ-ਇੱਛਤ ਦਬਾਅ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਨੇ ਦੋਸਤਾਂ, ਸਮਾਜਿਕ ਗਰੁੱਪਾਂ ਅਤੇ ਸੋਸ਼ਲ ਮੀਡੀਆ ਦੇ ਵਿਦਿਆਰਥਣਾਂ ਦੇ ਵਿਵਹਾਰ, ਭਾਵਨਾਵਾਂ ਅਤੇ ਫੈਸਲੇ ਲੈਣ ਦੀ ਸਮਰੱਥਾ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਗੱਲਬਾਤ ਕੀਤੀ। ਬੁਲਾਰਿਆਂ ਨੇ ਸੁਤੰਤਰ ਅਤੇ ਜ਼ਿੰਮੇਵਾਰ ਫੈਸਲੇ ਲੈਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਪੀਅਰ ਪ੍ਰੈਸ਼ਰ ਦੇ ਸਕਾਰਾਤਮਕ ਅਤੇ ਨਕਾਰਾਤਮਕ ਦੋਵਾਂ ਪਹਿਲੂਆਂ ਨੂੰ ਉਜਾਗਰ ਕੀਤਾ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਅੱਜ ਦੇ ਤਣਾਅਪੂਰਨ ਦੌਰ ਵਿਚ ਵਿਦਿਆਰਥੀਆਂ ਲਈ ਮਾਨਸਿਕ ਸਿਹਤ ਅਤੇ ਭਾਵਨਾਤਮਕ ਲਚਕਤਾ ਦੀ ਮਹੱਤਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਬੀ.ਬੀ.ਕੇ. ਡੀ.ਏ.ਵੀ. ਕਾਲਜੀਏਟ ਸੀ. ਸੈਕੰ. ਸਕੂਲ ਵਲੋਂ ‘ਪੀਅਰ ਪ੍ਰੈਸ਼ਰ ਅਤੇ ਮਾਨਸਿਕ ਸਿਹਤ’ ਵਿਸ਼ੇ ’ਤੇ ਵਰਕਸ਼ਾਪ
ਅਜੀਤ ਡੈਸਕ
29-07-2026