ਹਾਜੀਪੁਰ, 31 ਦਸੰਬਰ (ਪੁਨੀਤ ਭਾਰਦਵਾਜ)- ਪਿਛਲੇ ਲੰਬੇ ਸਮੇਂ ਤੋਂ ਹਾਜੀਪੁਰ ਵਾਸੀ ਬੁਲਟ ਦੇ ਪਟਾਕਿਆਂ, ਪ੍ਰੈਸ਼ਰ ਹੋਰਨਾਂ ਅਤੇ ਲੰਬੇ ਜਾਮ ਦੀ ਮਾਰ ਝੇਲਣ ਵਾਸਤੇ ਮਜਬੂਰ ਹਨ | ਕੁੱਝ ਨੌਜਵਾਨ ਸ਼ਰੇਆਮ ਬੁਲਟ ਦੇ ਪਟਾਕੇ ਮਾਰਦੇ ਆਮ ਦੇਖੇ ਜਾ ਸਕਦੇ ਹਨ | ਇਸ ਸਭ ਦੇ ਬਾਵਜੂਦ ਹਾਜੀਪੁਰ ਪੁਲਿਸ ਕੁੰਭ ਕਰਨੀ ਨੀਂਦ ਸੁੱਤੀ ਹੋਈ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗੁਰਦੁਆਰਾ ਸਿੰਘ ਸਭਾ ਹਾਜੀਪੁਰ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਕੀਤਾ | ਕੁਲਦੀਪ ਸਿੰਘ ਨੇ ਕਿਹਾ ਕਿ ਬੁਲਟ ਦੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਇਹ ਸ਼ਰੇਆਮ ਬੁਲਟ ਦੇ ਪਟਾਕੇ ਮਾਰਦੇ ਆਮ ਦੇਖੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਮੋਟਰਸਾਈਕਲਾਂ ਦੇ ਉੱਤੇ ਨੰਬਰ ਪਲੇਟ ਤੱਕ ਨਹੀਂ ਹੁੰਦੀ ਬਿਨਾਂ ਨੰਬਰ ਪਲੇਟ ਤੋਂ ਇਹ ਸ਼ਰੇਆਮ ਘੁੰਮਦੇ ਆਮ ਦੇਖੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਬੁਲਟ ਦੇ ਪਟਾਕਿਆਂ ਦੇ ਕਾਰਨ ਕਮਜ਼ੋਰ ਦਿਲ ਵਾਲਾ ਵਾਸਤੇ ਇਹ ਕਿਸੇ ਵੇਲੇ ਵੀ ਘਾਤਕ ਸਾਬਤ ਹੋ ਸਕਦੇ ਹਨ | ਕੁਲਦੀਪ ਸਿੰਘ ਨੇ ਕਿਹਾ ਕਿ ਹਾਜੀਪੁਰ ਵਾਸੀ ਪ੍ਰੈਸ਼ਰ ਹਾਰਨ ਦੀ ਲੰਬੇ ਸਮੇਂ ਤੋਂ ਮਾਰ ਝੇਲ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਗੱਡੀਆਂ 'ਤੇ ਪ੍ਰੈਸ਼ਰ ਹਾਰਨ ਲੱਗੇ ਹੋਏ ਹਨ ਅਤੇ ਉਹ ਸ਼ਰੇਆਮ ਪ੍ਰੈਸ਼ਰ ਹਾਰਨ ਵਜਾਉਂਦੇ ਰੋਜ਼ਾਨਾ ਲੰਘਦੇ ਹਨ, ਪਰ ਹਾਜੀਪੁਰ ਪੁਲਿਸ ਇਨ੍ਹਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਹੀ ਜੋ ਬਹੁਤ ਹੀ ਚਿੰਤਾ ਦਾ ਵਿਸ਼ੇ ਹੈ | ਉਨ੍ਹਾਂ ਕਿਹਾ ਕਿ ਹਾਜੀਪੁਰ ਬੱਸ ਅੱਡੇ ਰੋਜ਼ਾਨਾ ਲੰਬਾ ਜਾਮ ਹਰ ਸਮੇਂ ਲੱਗਾ ਰਹਿੰਦਾ ਹੈ ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ |