ਨਵਾਂਸ਼ਹਿਰ, 1 ਜਨਵਰੀ (ਜਸਬੀਰ ਸਿੰਘ ਨੂਰਪੁਰ)-ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵਲੋਂ ਬਾਲ ਭਿੱਖਿਆ ਖ਼ਿਲਾਫ਼ ਪ੍ਰਜੈਕਟ ਜੀਵਨ ਜੋਤ ਨੂੰ ਸਖ਼ਤਾਈ ਨਾਲ ਲਾਗੂ ਕਰਨ ਲਈ ਹੁਕਮ ਦਿੱਤੇ ਗਏ ਹਨ, ਜਿਸ ਦੇ ਚੱਲਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵਲੋਂ ਜ਼ਿਲ੍ਹੇ 'ਚ ਜ਼ਿਲ੍ਹਾ ਟਾਸਕ ਫੋਰਸ ਨਾਲ ਬੱਸ ਸਟੈਂਡ ਰੋਡ, ਗੜ੍ਹਸ਼ੰਕਰ ਰੋਡ ਅਤੇ ਬੰਗਾ ਰੋਡ 'ਤੇ ਬਾਲ ਭਿੱਖਿਆ ਖ਼ਿਲਾਫ਼ ਚੈਕਿੰਗ ਕੀਤੀ ਗਈ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਚੈਕਿੰਗ ਟੀਮ ਨੂੰ ਕੁੱਲ 3 ਬੱਚੇ ਉਮਰ ਤਕਰੀਬਨ ਦੋ ਤੋਂ ਅੱਠ ਸਾਲ ਕੋਠੀ ਰੋਡ 'ਤੇ ਭੀਖ ਮੰਗਦੇ ਹੋਏ ਪਾਏ ਗਏ | ਜਿਨ੍ਹਾਂ ਨੂੰ ਰੈਸਕਿਉ ਕਰਕੇ ਬਾਲ ਭਲਾਈ ਕਮੇਟੀ ਅੱਗੇ ਅਗਲੇਰੀ ਕਾਰਵਾਈ ਹਿੱਤ ਪੇਸ਼ ਕੀਤਾ ਗਿਆ ਹੈ ਤਾਂ ਕਿ ਬੱਚਿਆਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ | ਇਸ ਮੌਕੇ ਮੌਜੂਦ ਬਾਲ ਸੁਰੱਖਿਆ ਅਫ਼ਸਰ ਗੌਰਵ ਸ਼ਰਮਾ ਅਤੇ ਰਜਿੰਦਰ ਕੌਰ ਬਾਲ ਸੁਰੱਖਿਆ ਅਫ਼ਸਰ ਵਲੋਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਣਾ ਕਾਨੂੰਨੀ ਤੌਰ 'ਤੇ ਅਪਰਾਧ ਹੈ | ਬਾਲ ਭਿੱਖਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਬੱਚਿਆਂ ਅਤੇ ਉਨ੍ਹਾਂ ਦੇ ਮਾਂ-ਪਿਉ ਦੀ ਕਾਉਂਸਲਿੰਗ ਕੀਤੀ ਜਾਣੀ ਬਣਦੀ ਹੈ ਤਾਂ ਜੋ ਬੱਚਿਆਂ ਦੇ ਮਾਂ-ਪਿਉ ਬੱਚਿਆਂ ਤੋਂ ਭੀਖ ਮੰਗਵਾਉਣ ਦੀ ਬਜਾਏ ਉਨ੍ਹਾਂ ਨੂੰ ਸਿੱਖਿਆ ਨਾਲ ਜੋੜਨ ਲਈ ਸਕੂਲ ਭੇਜਣ ਅਤੇ ਉਹਨਾਂ ਦੇ ਉੱਜਵਲ ਭਵਿੱਖ ਦੀ ਸਿਰਜਣਾ ਹੋ ਸਕੇ | ਕੰਚਨ ਅਰੋੜਾ ਨੇ ਕਿਹਾ ਕਿ ਬੱਚਿਆਂ ਤੋਂ ਭੀਖ ਮੰਗਵਾਉਣ ਵਾਲਿਆਂ ਤੇ ਜੁਵੇਨਾਈਲ ਜਸਟਿਸ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ | ਚੈਕਿੰਗ ਟੀਮ ਵਿੱਚ ਬਾਲ ਸੁਰੱਖਿਆ ਅਫ਼ਸਰ ਰਜਿੰਦਰ ਕੌਰ, ਗੌਰਵ ਸ਼ਰਮਾ, ਕਾਂਤਾ, ਹਰਭਜਨ ਕੌਰ ਸੁਪਰਵਾਈਜ਼ਰ, ਡਾ. ਰੁਪਿੰਦਰ ਸਿੰਘ, ਰਾਜੇਸ਼ ਕੁਮਾਰ ਹੈੱਡ ਕਾਂਸਟੇਬਲ ਅਤੇ ਨੇਹਾ ਕੁਮਾਰੀ ਵੀ ਮੌਜੂਦ ਸਨ |