ਨਵਾਂਸ਼ਹਿਰ/ਉਸਮਾਪੁਰ/ਜਾਡਲਾ, 3 ਜਨਵਰੀ (ਜਸਬੀਰ ਸਿੰਘ ਨੂਰਪੁਰ, ਸੰਦੀਪ ਮਝੂਰ, ਸੁਰਿੰਦਰ ਦੁੱਗਲ)-ਐਮ. ਪੀ ਫੰਡ 'ਚੋਂ ਗ੍ਰਾਂਟ ਮੁਹੱਈਆ ਕਰਵਾ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਪਾਰਕਾਂ 'ਚ ਨਵੇਂ ਓਪਨ ਏਅਰ ਜਿੰਮਨੇਜੀਅਮ ਖੋਲ੍ਹੇ ਜਾ ਰਹੇ ਹਨ | ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵਲੋਂ ਪਿੰਡ ਉਟਾਲ ਵਿਖੇ 3 ਲੱਖ ਰੁਪਏ ਖਰਚ ਕਰਕੇ ਬਣਾਈ ਓਪਨ ਏਅਰ ਜਿੰਮ ਦਾ ਉਦਘਾਟਨ ਕਰਨ ਮੌਕੇ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਹਰੇਕ ਸਹੂਲਤ ਨਾਲ ਲੈਸ ਲਗਾਏ ਜਾ ਰਹੇ ਇਨ੍ਹਾਂ ਜਿੰਮਾਂ 'ਚ 20 ਤਰ੍ਹਾਂ ਦੀਆਂ ਮਸ਼ੀਨਾਂ, ਜੋ ਕਿ ਹਰੇਕ ਵਿਅਕਤੀ ਆਸਾਨੀ ਨਾਲ ਵਰਤ ਸਕਦਾ ਹੈ, ਲਗਾਈਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਇਸ ਦਿਸ਼ਾ 'ਚ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਐਮ. ਪੀ. ਲੈਂਡ ਫੰਡ ਲੋੜ ਅਨੁਸਾਰ ਮੁਹੱਈਆ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਜਿਆਦਾਤਰ ਜਿੰਮ ਸਥਾਪਤ ਕਰ ਦਿੱਤੇ ਗਏ ਹਨ, ਜੋ ਬਾਕੀ ਰਹਿ ਗਏ ਹਨ, ਉਹ ਵੀ ਜਲਦ ਹੀ ਸਥਾਪਤ ਕਰ ਦਿੱਤੇ ਜਾਣਗੇ | ਇਸ ਮੌਕੇ ਸਰਪੰਚ ਮਨਦੀਪ ਸਿੰਘ ਅਟਵਾਲ ਵਲੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਐਸ.ਡੀ.ਐਮ. ਨਵਾਂਸ਼ਹਿਰ ਅਨਮਜੋਤ ਕੌਰ, ਵਾਈਸ ਚੇਅਰਮੈਨ ਪੰਜਾਬ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਲਲਿਤ ਮੋਹਨ ਪਾਠਕ, ਮਨਦੀਪ ਸਿੰਘ ਅਟਵਾਲ ਸਰਪੰਚ, ਵਨੀਤ ਰਾਣਾ ਸਰਪੰਚ, ਸੀਨੀਅਰ ਆਗੂ ਕੁਲਵੰਤ ਸਿੰਘ ਰਕਾਸਣ ਅਤੇ ਸਮੂਹ ਪੰਚ ਹਾਜਰ ਸਨ |