ਨਵਾਂਸ਼ਹਿਰ, 27 ਜਨਵਰੀ (ਦੀਦਾਰ ਸਿੰਘ ਸ਼ੇਤਰਾ) - ਨਵਾਂਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਸਮਾਜ ਸੇਵੀਆਂ ਵਲੋਂ ਅਜਿਹੀ ਕੋਈ ਵੀ ਕਮੇਟੀ ਨਹੀਂ ਗਠਿਤ ਕੀਤੀ ਹੋਈ ਹੈ ਜਿਹੜੀ ਆਪਣੇ ਮੁਹੱਲੇ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਦਾ ਹਲ ਕਰਵਾਉਂਦੀ ਹੋਵੇ | ਸਮੱਸਿਆ ਸਿਰ 'ਤੇ ਆ ਚੜ੍ਹੇ, ਫਿਰ ਭਾਵੇਂ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਜ਼ਰੂਰ ਲਗਾ ਲੈਂਦੇ ਹਨ | ਪਰ ਸ਼ਹਿਰ ਦਾ ਰਾਹੋਂ ਰੋਡ ਅਤੇ ਸਲੋਹ ਰੋਡ ਦਾ ਵਿਚਕਾਰਲਾ ਹਿੱਸਾ ਜਿਹੜਾ ਵਿਕਾਸ ਨਗਰ ਮੁਹੱਲਾ ਬਾਬਾ ਦੀਪ ਸਿੰਘ ਨਗਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਲਈ ਉਸ ਸਮੇਂ ਮਾਣ ਵਾਲਾ ਮੌਕਾ ਮੇਲ ਬਣਿਆ ਜਦੋਂ ਗਣਤੰਤਰ ਦਿਵਸ ਦੇ ਮੌਕੇ 'ਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸਰਦਾਰਨੀ ਬਲਵਿੰਦਰ ਕੌਰ ਅਤੇ ਸਮੂਹਿਕ ਤੌਰ 'ਤੇ ਨਗਰ ਕੌਂਸਲ ਦੇ ਮੈਂਬਰਾਂ ਨੇ 'ਵਿਕਾਸ ਨਗਰ ਸੇਵਾ ਸੋਸਾਇਟੀ ਨਵਾਂਸ਼ਹਿਰ' ਦੀਆਂ ਮੁਹੱਲਾ ਵਾਸੀਆਂ ਲਈ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ | ਇਹ ਪਹਿਲੀ ਵਾਰ ਹੋਇਆ ਕਿ ਨਗਰ ਕੌਂਸਲ ਨਵਾਂਸ਼ਹਿਰ ਵਲੋਂ ਇਹ ਸਨਮਾਨ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਰੇਸ਼ਮ ਸਿੰਘ ਦੇ ਵਿਦੇਸ਼ ਦੌਰੇ 'ਤੇ ਹੋਣ ਕਰਕੇ ਸਰਦਾਰ ਹਰਭਜਨ ਸਿੰਘ ਸੈਣੀ ਸੀਨੀਅਰ ਮੈਂਬਰ ਵਿਕਾਸ ਨਗਰ ਸੇਵਾ ਸਸੋਾਇਟੀ ਰਜਿ ਨਵਾਸ਼ਹਿਰ ਨੇ ਹਾਸਲ ਕੀਤਾ | ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਮੁਹੱਲਾ ਵਾਸੀਆਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸੁਸਾਇਟੀ ਨੂੰ ਸਾਰਥਕ ਸਹਿਯੋਗ ਦਿੰਦੇ ਆ ਰਹੇ ਹਨ, ਅੱਗੇ ਤੋਂ ਵੀ ਜਾਰੀ ਰੱਖਣਗੇ | ਇਸ ਮੌਕੇ ਨਗਰ ਕੌਂਸਲ ਦੇ ਦੂਸਰੇ ਅਹੁਦੇਦਾਰਾਂ ਸਮੇਤ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਪ੍ਰਧਾਨ ਵੀ ਹਾਜ਼ਰ ਸਨ |