ਮਜਾਰੀ/ਸਾਹਿਬਾ, 4 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਬਲਾਚੌਰ-ਗੜ੍ਹਸ਼ੰਕਰ ਰਾਜ ਮਾਰਗ 'ਚ ਥਾਂ-ਥਾਂ ਪਏ ਹੋਏ ਡੂੰਘੇ ਟੋਏ ਤੇ ਬਰਮਾ 'ਚ ਖੜੇ ਨੜੇ ਨਿੱਤ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਜਦੋਂ ਦਾ ਇਸ ਮਾਰਗ 'ਤੇ ਲੱਗਾ ਟੋਲ ਪਲਾਜ਼ਾ ਬੰਦ ਹੋਇਆ, ਉਸ ਤੋਂ ਬਾਅਦ ਇਸ ਰਾਜ ਮਾਰਗ ਦੀ ਸੰਬੰਧਿਤ ਮਹਿਕਮੇ ਵਲੋਂ ਸਾਰ ਹੀ ਨਹੀ ਲਈ ਗਈ | ਹੁਣ ਇਸ ਵਿਚ ਪਏ ਛੋਟੇ ਟੋਏ ਵੀ ਵੱਡੇ ਤੇ ਡੰੂਘੇ ਬਣਦੇ ਜਾ ਰਹੇ ਹਨ | ਕੁਝ ਟੋਇਆਂ ਦਾ ਦੂਰ ਤੋਂ ਪਤਾ ਨਹੀਂ ਲੱਗਦਾ | ਤੇਜ਼ ਰਫਤਾਰ ਜਾਂਦੇ ਵਾਹਨ ਇਨਾਂ ਟੋਇਆਂ ਵਿਚ ਵੱਜ ਕੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਜਾ ਰਹੇ ਹਨ | ਬੰਦ ਪਏ ਟੋਲ ਪਲਾਜ਼ੇ ਵਾਲੀ ਖਾਲੀ ਪਈ ਥਾਂ ਅਤੇ ਇਸ ਦੇ ਦੋਵੇਂ ਪਾਸੇ ਕਈ ਖਤਰਨਾਕ ਟੋਏ ਬਣੇ ਹੋਏ ਹਨ | ਇਸੇ ਤਰ੍ਹਾਂ ਰੁੜਕੀ ਕਲਾਂ ਪੈਟਰੋਲ ਪੰਪ ਦੇ ਸਾਹਮਣੇ ਸੜਕ ਵਿਚਕਾਰ ਇਕ ਕਾਫੀ ਲੰਮਾ ਤੇ ਚੌੜਾ ਟੋਇਆ ਬਣ ਚੁੱਕਾ ਹੈ | ਕੁਝ ਸਮਾਂ ਪਹਿਲਾਂ ਇਸ ਮਾਰਗ ਦੇ ਕੁਝ ਟੋਏ ਪੀ.ਡਬਲਿਊ.ਡੀ ਵਿਭਾਗ ਵਲੋਂ ਚਲਮੇ ਜਿਹੇ ਠੀਕ ਕੀਤੇ ਗਏ ਹਨ, ਜੋ ਮੁੜ ਕੁਝ ਸਮੇਂ ਬਾਅਦ ਹੀ ਪਹਿਲਾਂ ਨਾਲੋਂ ਵੱਡੇ ਬਣ ਗਏ | ਇਹ ਵੱਡੇ ਟੋਏ ਕਿਸੇ ਵੀ ਸਮੇਂ ਕਿਸੇ ਵੱਡੇ ਹਾਦਸੇ ਦਾ ਕਰਨ ਬਣ ਸਕਦੇ ਹਨ | ਇਸ ਮਾਰਗ ਦੇ ਬਰਮ ਤਾਂ ਬਿਲਕੁੱਲ ਖਤਮ ਹੋ ਚੁੱਕੇ ਹਨ | ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਇਨ੍ਹਾਂ ਟੋਇਆਂ ਤੇ ਬਰਮਾਂ ਦੀ ਸਫਾਈ ਕਰਵਾ ਕੇ ਸੜਕ ਨੂੰ ਸਹੀ ਢੰਗ ਨਾਲ ਠੀਕ ਕੀਤਾ ਜਾਵੇ |