ਨਵਾਂਸ਼ਹਿਰ, 4 ਫਰਵਰੀ (ਜਸਬੀਰ ਸਿੰਘ ਨੂਰਪੁਰ)-ਪੀ.ਆਈ.ਐਮ ਜ਼ਿਲ੍ਹਾ ਕਮੇਟੀ ਨਵਾਂਸ਼ਹਿਰ ਦੀ ਮੀਟਿੰਗ ਕਾਮਰੇਡ ਜਰਨੈਲ ਸਿੰਘ ਰਾਣੇਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ.ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਪਿੱਠੂ ਬਣੀ ਬੈਠੀ ਹੈ | ਦੇਸ਼ ਅੰਦਰ ਵਿਦੇਸ਼ੀ ਕੰਪਨੀਆਂ ਨੂੰ ਨਿਵੇਸ਼ ਦੀ ਖੁੱਲ੍ਹ ਦੇ ਕੇ ਗਰੀਬ ਦੁਕਾਨਦਾਰਾਂ ਨੂੰ ਖ਼ਤਮ ਕਰ ਦਿੱਤਾ ਹੈ | ਬਿਜਲੀ ਸੋਧ ਬਿੱਲ 2025 ਲਿਆਉਣ ਲਈ ਤਰਲੋ ਮੱਛੀ ਹੋ ਰਹੀ ਹੈ ਜਿਸ ਨਾਲ ਗਰੀਬਾਂ ਨੂੰ ਸਸਤੀ ਬਿਜਲੀ ਦੀ ਸਹੂਲਤ ਬੰਦ ਹੋ ਜਾਵੇਗੀ | ਮਨਰੇਗਾ ਨੂੰ ਖਤਮ ਕਰਕੇ ਅਤੇ ਉਸ ਦਾ ਨਾਂਅ ਬਦਲ ਕੇ ਵੀ.ਬੀ ਜੀ.ਰਾਮ.ਜੀ ਰੱਖਣ ਨਾਲ ਮਜ਼ਦੂਰਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਵੇਗਾ | ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਵਿੱਚ ਲੈ ਕੇ ਜਾਣ ਲਈ ਪਾਰਟੀ ਵਲੋਂ 11 ਮਾਰਚ ਤੋਂ 20 ਮਾਰਚ ਤੱਕ ਜਥਾ ਮਾਰਚ ਕੀਤਾ ਜਾਵੇਗਾ | ਜਥਾ ਮਾਰਚ ਇਨਕਲਾਬੀ ਪਿੰਡ ਸੁਰ ਸਿੰਘ ਵਾਲਾ ਤੋਂ ਸ਼ੁਰੂ ਕਰਕੇ 20 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਮਾਪਤ ਕੀਤਾ ਜਾਵੇਗਾ | 23 ਮਾਰਚ ਨੂੰ ਪਾਰਟੀ ਵਲੋਂ ਦੇਸ਼ ਅੰਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਦਿੱਲੀ ਵਿਖੇ ਰੈਲੀ ਕੀਤੀ ਜਾਵੇਗੀ |