ਨਵਾਂਸ਼ਹਿਰ/ਪੋਜੇਵਾਲ ਸਰਾਂ, 5 ਫਰਵਰੀ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਾ)-ਮਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਭਾਰਤ ਸਰਕਾਰ ਦੇ ਅਦਾਰੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ ਨਵੀਂ ਦਿੱਲੀ ਵਲੋਂ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਮੂਹ ਸਕੂਲਾਂ ਦਾ ਗਰੀਨ ਸਕੂਲ ਪ੍ਰੋਗਰਾਮ ਤਹਿਤ ਆਡਿਟ ਕੀਤਾ ਜਾਂਦਾ ਹੈ | ਜਿਸ 'ਚ ਸਕੂਲਾਂ ਦੇ ਛੇ ਵੱਖ-ਵੱਖ ਕੰਪੋਨੈਂਟ ਨੂੰ ਚੈੱਕ ਕੀਤਾ ਜਾਂਦਾ ਹੈ ਜਿਵੇਂ ਲੈਂਡ, ਪਾਣੀ, ਵੇਸਟ, ਭੋਜਨ, ਊਰਜਾ ਅਤੇ ਹਵਾ | ਸਮੂਹ ਕੰਪੋਨੈਂਟਾਂ ਨੂੰ ਭਾਰਤ ਸਰਕਾਰ ਦੇ ਬਣੇ ਹੋਏ ਪੋਰਟਲ 'ਤੇ ਪੋਰਟਲ ਦੇ ਨਿਯਮਾਂ ਮੁਤਾਬਕ ਅਪਲੋਡ ਕੀਤਾ ਜਾਂਦਾ ਹੈ ਤੇ ਜਿਸ ਨੂੰ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ ਨਵੀਂ ਦਿੱਲੀ ਵਲੋਂ ਚੈੱਕ ਕੀਤਾ ਜਾਂਦਾ ਹੈ | ਇਸ ਸੰਬੰਧੀ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਹਰੇਕ ਸਾਲ ਜ਼ਿਲ੍ਹਾ ਕੋਆਰਡੀਨੇਟਰ ਸਤਨਾਮ ਸਿੰਘ ਦੀ ਯੋਗ ਅਗਵਾਈ ਹੇਠ ਪੂਰੇ ਇੱਕ ਦਿਨ ਦੀ ਸਮੂਹ ਈਕੋ ਕਲੱਬ ਇੰਚਾਰਜ ਦੀ ਵਰਕਸ਼ਾਪ ਲਗਾਈ ਜਾਂਦੀ ਹੈ ਜਿਸ ਨੂੰ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ ਨਵੀਂ ਦਿੱਲੀ ਤੋਂ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਰਿਸੋਰਸ ਪਰਸਨ ਦੁਆਰਾ ਜਾਣਕਾਰੀ ਦਿੱਤੀ ਜਾਂਦੀ ਹੈ | ਸਾਲ 2023 ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸਿਰਫ ਇੱਕ ਸਕੂਲ ਸਰਕਾਰੀ ਮਿਡਲ ਸਕੂਲ ਕਰੀਮਪੁਰ ਚਾਹਵਾਲਾ ਗਰੀਨ ਸਕੂਲ ਚੁਣਿਆ ਗਿਆ ਸੀ, ਸਾਲ 2024-25 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੱਤ ਸਕੂਲ ਚੁਣੇ ਗਏ ਸੀ ਅਤੇ ਇਸ ਵਾਰ ਪੂਰੇ ਭਾਰਤ 'ਚ 6263 ਸਕੂਲਾਂ ਵਲੋਂ ਅਪਲਾਈ ਕੀਤਾ ਗਿਆ ਜਿਸ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 122 ਸਕੂਲਾਂ ਨੇ ਅਪਲਾਈ ਕੀਤਾ ਅਤੇ ਉਨ੍ਹਾਂ 'ਚੋਂ 10 ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਦੀ, ਸਰਕਾਰੀ ਹਾਈ ਸਕੂਲ ਕੌਲਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ, ਪੀ.ਐਮ ਸ੍ਰੀ ਸਰਕਾਰੀ ਹਾਈ ਸਕੂਲ ਗੁਣਾਚੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ, ਸਰਕਾਰੀ ਹਾਈ ਸਕੂਲ ਗੜ੍ਹਪਧਾਣਾ, ਫਤਿਹ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਮੂਸਾਪੁਰ ਰਾਸ਼ਟਰ ਪੱਧਰ 'ਤੇ ਗਰੀਨ ਸਕੂਲ ਚੁਣੇ ਗਏ | ਪੂਰੇ ਭਾਰਤ ਵਿੱਚ ਪੰਜਾਬ ਦੇ 237 ਸਕੂਲ ਚੁਣੇ ਗਏ ਜਿਸ ਵਿੱਚੋਂ 218 ਸਰਕਾਰੀ ਸਕੂਲ ਨੇ | ਪੰਜਾਬ ਰਾਜ ਤੀਜੀ ਵਾਰ ਰਾਸ਼ਟਰ ਪੱਧਰ 'ਤੇ ਜੇਤੂ ਬਣਿਆ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੂਜੀ ਵਾਰ ਗਰੀਨ ਜ਼ਿਲ੍ਹਾ ਐਲਾਨਿਆ ਗਿਆ | ਇਸ ਵਧੀਆ ਕਾਰਗੁਜ਼ਾਰੀ ਲਈ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਵਲੋਂ ਜ਼ਿਲ੍ਹਾ ਕੋਆਰਡੀਨੇਟਰ ਸਤਨਾਮ ਸਿੰਘ ਨੂੰ ਵਧਾਈ ਦਿੱਤੀ ਗਈ | ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਮਿਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਨਵੀਂ ਦਿੱਲੀ ਵਲੋਂ ਰਾਸ਼ਟਰੀ ਪੱਧਰ 'ਤੇ ਇੰਡੀਆ ਹੈਬੀਟੈਟ ਸੈਂਟਰ ਨਵੀਂ ਦਿੱਲੀ ਵਿਖੇ ਸਤਨਾਮ ਸਿੰਘ ਜ਼ਿਲ੍ਹਾ ਕੌਆਰਡੀਨੇਟਰ ਨੂੰ ਡਾਇਰੈਕਟਰ ਜਨਰਲ ਸੁਨੀਤਾ ਨਰਾਇਣ ਅਤੇ ਜੁਆਇੰਟ ਡਾਇਰੈਕਟਰ ਕੁਲਬੀਰ ਸਿੰਘ ਬਾਠ ਵਲੋਂ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੇ ਨਾਲ ਜ਼ਿਲ੍ਹੇ ਦੇ ਦੋ ਸਕੂਲ ਸਰਕਾਰੀ ਹਾਈ ਸਕੂਲ ਕੌਲਗੜ੍ਹ ਅਤੇ ਪੀ.ਐਮ ਸ੍ਰੀ ਸਰਕਾਰੀ ਹਾਈ ਸਕੂਲ ਗੁਣਾਚੌਰ ਦੇ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਜੌਹਰ ਨੂੰ ਵੀ ਸਨਮਾਨਿਤ ਕੀਤਾ ਗਿਆ |