ਬਲਾਚੌਰ, 20 ਫਰਵਰੀ (ਨਰੇਸ਼ ਧੌਲ)-ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦੇ ਵੱਡੇ ਸਹਿਯੋਗ ਸਦਕਾ ਸਰਪੰਚ ਸੰਤੋਖ ਸਿੰਘ ਸ਼ਿਵਾਲਿਕ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਖ਼ੋਜਾ ਬੇਟ ਵਿਖੇ ਪਿੰਡ ਵਾਸੀਆਂ ਦੀ ਸਹੂਲਤ ਹਿੱਤ 12 ਸਮਿੰਟਡ ਕੁਰਸੀਆਂ ਵੱਖ-ਵੱਖ ਸਥਾਨਾਂ 'ਤੇ ਸਥਾਪਿਤ ਕੀਤੀਆਂ ਗਈਆਂ | ਸਰਪੰਚ ਸੰਤੋਖ ਸਿੰਘ ਸ਼ਿਵਾਲਿਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਵਿਧਾਇਕਾ ਕਟਾਰੀਆ ਦੇ ਵੱਡੇ ਸਹਿਯੋਗ ਨਾਲ ਪਿੰਡ 'ਚ ਪਿਛਲੇ ਸਮੇਂ ਤੋਂ ਸਰਬਪੱਖੀ ਵਿਕਾਸ ਕਾਰਜਾਂ ਨੂੰ ਵੱਡੀ ਤਰਜੀਹ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਵਿੱਚ ਪੰਚਾਇਤ ਘਰ ਅੰਦਰ ਇੰਟਰਲੋਕ, ਸਮੁੱਚੇ ਪਿੰਡ ਵਿੱਚ ਕੈਮਰਿਆਂ ਦੀ ਵਿਵਸਥਾ ਅਤੇ ਲਾਈਟਾਂ ਦੀ ਵਿਵਸਥਾ, ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕਰਨ ਤੋਂ ਇਲਾਵਾ ਹੋਰ ਵੀ ਬਹੁ ਗਿਣਤੀ ਕਾਰਜ ਕਰਵਾਏ ਜਾ ਚੁੱਕੇ ਹਨ | ਇਸ ਤੋਂ ਇਲਾਵਾ ਪਿੰਡ ਵਿੱਚ ਸੀਵਰੇਜ ਪਵਾਉਣ ਅਤੇ ਹੋਰ ਵੀ ਜਿਹੜੇ ਵਿਕਾਸ ਕਾਰਜ ਰਹਿੰਦੇ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕਰਵਾਇਆ ਜਾਵੇਗਾ | ਸਰਪੰਚ ਸੰਤੋਖ ਸਿੰਘ ਸ਼ਿਵਾਲਿਕ ਅਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨਾਂ ਵੱਲੋਂ ਪਿੰਡ ਲਈ ਗਰਾਂਟਾਂ ਦੇ ਖੁੱਲੇ੍ਹ ਗੱਫੇ ਦਿੱਤੇ ਜਾ ਰਹੇ ਹਨ | ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਹਾਜ਼ਰ ਸਨ |