ਟੱਪਰੀਆਂ ਖੁਰਦ,21 ਫਰਵਰੀ (ਬਲਵਿੰਦਰ ਨਾਨੋਵਾਲੀਆ)-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਪੂਰੇ ਸੂਬੇ ਅੰਦਰ ਹਰੇਕ ਪਰਿਵਾਰ ਦਾ 10 ਲੱਖ ਰੁਪਏ ਦਾ ਸਿਹਤ ਬੀਮਾ ਕਰਵਾਇਆ ਜਾ ਰਿਹਾ ਹੈ | ਇਸੇ ਸਬੰਧ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਠਨ ਟੀਮ ਵਲੋਂ ਪਿਛਲੇ ਚਾਰ ਦਿਨ ਤੋਂ ਪਿੰਡ ਮਾਲੇਵਾਲ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਹਰੇਕ ਪਰਿਵਾਰ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਹੈ | ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਦਵਿੰਦਰ ਕੁਮਾਰ ਇੰਸਪੈਕਟਰ ਖੁਰਾਕ ਅਤੇ ਸਿਵਲ ਸਪਲਾਈ ਸੜੋਆ ਨੇ ਪਿੰਡ ਮਾਲੇਵਾਲ ਵਿਖੇ ਦੱਸਿਆ ਕਿ ਇਸ ਕੈਂਪ ਵਿਚ ਹਰੇਕ ਪਰਿਵਾਰ ਦਾ ਸਿਹਤ ਬੀਮਾ ਕਾਰਡ ਬਣਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਬੰਧਤ ਪਰਿਵਾਰ ਪੰਜਾਬ ਦਾ ਵਸਨੀਕ ਹੋਵੇ | ਉਸ ਪਰਿਵਾਰ ਦਾ ਆਧਾਰ ਕਾਰਡ ਬਣਿਆ ਹੋਵੇ ਅਤੇ ਪਰਿਵਾਰ ਦਾ ਨਾਂਅ ਵੋਟਰ ਸੂਚੀ ਵਿਚ ਦਰਜ ਹੋਵੇ | ਉਨ੍ਹਾਂ ਦੱਸਿਆ ਕਿ ਜਿਸ ਪਰਿਵਾਰਕ ਮੈਂਬਰ ਦਾ ਪਿੰਡ ਦੀ ਵੋਟਰ ਸੂਚੀ ਵਿਚ ਨਾਂਅ ਦਰਜ ਨਹੀ ਹੈ, ਉਹ ਪਰਿਵਾਰ ਦੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਜਨਮ ਸਬੂਤ ਸਾਰਟੀਫਿਕੇਟ ਦੇ ਨਾਲ-ਨਾਲ ਅਟੈਚ ਮੋਬਾਈਲ ਫੋਨ ਵੀ ਕੈਂਪ ਸਥਾਨ 'ਤੇ ਨਾਲ ਹੀ ਲਿਆਂਦਾ ਜਾਵੇ | ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਵਾਲਾ ਪਰਿਵਾਰ ਇਹ ਸੁਨਿਸਚਿਤ ਕਰ ਲਵੇ ਕਿ ਉਸ ਦਾ ਪਰਿਵਾਰ ਦਾ ਆਧਾਰ ਕਾਰਡ ਮੋਬਾਈਲ ਫੋਨ ਨਾਲ ਲਿੰਕ ਹੈ | ਇਸ ਮੌਕੇ ਰੋਹਿਤ ਕੁਮਾਰ, ਨਰੇਸ਼ ਕੁਮਾਰ ਅਤੇ ਹੋਰ ਕਰਮਚਾਰੀ ਵੀ ਇਸ ਕਾਰਜ ਵਿੱਚ ਲੱਗੇ ਹੋਏ ਸਨ |