ਬੰਗਾ, 21 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮਾਹਿਲ ਗਹਿਲਾ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਸੰਤ ਬਾਬਾ ਸ਼ਾਮ ਦਾਸ ਡੇਰਾ ਪ੍ਰਮੁੱਖ ਡੇਰਾ ਬਾਬਾ ਮੰਗਲ ਦਾਸ ਦੀ ਅਗਵਾਈ ਹੇਠ ਕਰਵਾਏ ਗਏ | ਇਸ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਕਰਵਾਏ ਗਏ | ਸਮਾਗਮਾਂ ਦੀ ਆਰੰਭਤਾ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਗਏ | ਜਿਸ ਦੌਰਾਨ ਜਿੱਥੇ ਪੰਥ ਦੇ ਪ੍ਰਸਿੱਧ ਢਾਡੀ ਜਥੇ: ਦਲਜੀਤ ਸਿੰਘ ਮੋਰਾਂਵਾਲੀ ਦੇ ਜਥੇ ਨੇ ਗੁਰੂ ਜੀ ਦੇ ਜੀਵਨ-ਇਤਿਹਾਸ ਅਤੇ ਉਹਨਾਂ ਦੀ ਵਿਚਾਰਧਾਰਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ | ਇਸੇ ਤਰਾਂ ਮਿਸ਼ਨਰੀ ਗਾਇਕ ਕੁਲਵੰਤ ਨੇ ਸਤਿਗੁਰਾਂ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਦਾ ਭਰਪੂਰ ਪਿਆਰ ਸਤਿਕਾਰ ਖੱਟਿਆ | ਦੂਜੇ ਦਿਨ ਅਖੰਡ ਪਾਠ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਗਏ | ਜਿਸ ਦੌਰਾਨ ਬਾਬਾ ਅਮਰਜੀਤ ਦਾਸ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ | ਗੁਰੂ ਨਾਨਕ ਸੰਗੀਤ ਵਿਦਿਆਲਿਆ ਮਾਹਿਲ ਗਹਿਲਾ ਦੀਆਂ ਵਿਦਿਆਰਥਣਾਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਸੰਗੀਤ ਅਧਿਆਪਕਾ ਪਰਵਿੰਦਰ ਕੌਰ ਨੇ ਗੁਰਬਾਣੀ ਦੇ ਸ਼ਬਦ - ਗਾਇਨ ਰਾਹੀਂ ਸੰਗਤਾਂ ਦੇ ਮਨ ਮੋਹ ਲਏ | ਉਪਰੰਤ ਸੰਤ ਬਾਬਾ ਸ਼ਾਮ ਦਾਸ ਹੋਰਾਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੀ ਰਚੀ ਬਾਣੀ ਤੇ ਉਸਦਾ ਅਜੋਕੇ ਦੇ ਸਮੇਂ ਵਿੱਚ ਮਹੱਤਵ ਬਾਰੇ ਵਿਸਥਾਰ ਪੂਰਵਕ ਵਿਚਾਰਾਂ ਦੀ ਸਾਂਝ ਪਾਈ | ਰਾਤਰੀ ਦੀਵਾਨ ਵਿੱਚ ਪੰਜਾਬ ਦੇ ਸੁਰੀਲੇ ਗਾਇਕ ਰਣਜੀਤ ਰਾਣਾ ਨੇ ਸਤਿਗੁਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ | ਸਾਰੇ ਸਮਾਗਮ ਦੌਰਾਨ ਸਟੇਜ ਸਕੱਤਰ ਦੇ ਫਰਜ਼ ਲੈਕ: ਬੂਟਾ ਸਿੰਘ ਮਾਹਿਲ ਨੇ ਬੇਹੱਦ ਸੁਚੱਜੇ ਢੰਗ ਨਾਲ ਨਿਭਾਏ | ਇਸ ਸਮੇਂ ਹੋਰਨਾਂ ਤੋਂ ਇਲਾਵਾ ਸੰਗਤਾਂ ਵਿੱਚ ਸੁਰਜੀਤ ਸਿੰਘ ਪ੍ਰਧਾਨ, ਜਸਵੀਰ ਖੁੱਤਣ, ਹਰੀ ਰਾਮ, ਕੁਲਵੰਤ ਸਿੱਧੂ, ਬਿੱਟੂ ਸੁੰਮਨ ਆਸਟਰੀਆ, ਜਸਬੀਰ ਪਾਲ, ਗਿਆਨ ਚੰਦ ਜੀ, ਅਵਤਾਰ ਚੰਦ, ਗੁਰਮੇਲ ਰਾਮ, ਦਲਵੀਰ ਰਾਮ ਪੰਚ, ਨਰੇਸ਼ ਨੇਸ਼ੀ ਅਤੇ ਸੁਰਜੀਤ ਸੀਤਾ ਆਦਿ ਹਾਜ਼ਰ ਸਨ |