ਬੰਗਾ, 21 ਫਰਵਰੀ (ਧਰਮਵੀਰ ਪਾਲ)-ਬਲਾਕ ਬੰਗਾ ਦੇ ਪਿੰਡ ਹੀਉ ਦੇ ਸਰਕਾਰੀ ਮਿਡਲ ਸਕੂਲ ਵਿੱਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਸਕੂਲ ਸਟਾਫ਼ ਅਤੇ ਵਿਦਿਆਰਥੀ ਵਲੋਂ ਮਨਾਇਆ ਗਿਆ | ਸਮਾਗਮ ਵਿੱਚ ਸਾਬਕਾ ਸਰਪੰਚ ਤਰਸੇਮ ਲਾਲ ਝੱਲੀ ਨੇ ਸ਼ਿਰਕਤ ਕੀਤੀ | ਸਰਦਾਰ ਤਰਲੋਕ ਸਿੰਘ ਫਲੋਰਾ ਸਿੱਖਿਆ ਮਾਹਿਰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ | ਮੈਡਮ ਜਸਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਬੱਚਿਆਂ ਨੇ ਮਾਤ ਭਾਸ਼ਾ ਪੰਜਾਬੀ ਵਿੱਚ ਗੀਤ ਗਾਏ ਅਤੇ ਕਵਿਤਾਵਾਂ ਵੀ ਪੜ੍ਹੀਆਂ ਗਈਆਂ | ਲੜਕੀਆਂ ਵਲੋਂ ਮਾਤ ਭਾਸ਼ਾ ਸਬੰਧੀ ਰੰਗੋਲੀ ਵੀ ਬਣਾਈ ਗਈ | ਤਰਲੋਕ ਸਿੰਘ ਫਲੋਰਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ, ਸਾਨੂੰ ਇਸ 'ਤੇ ਮਾਣ ਹੈ, ਪੰਜਾਬੀ ਪੜੋ੍ਹ, ਪੰਜਾਬੀ ਲਿਖੋ, ਪੰਜਾਬੀ ਬੋਲੋ ਅਤੇ ਆਪਣੇ ਦਸਤਕ ਵੀ ਪੰਜਾਬੀ ਵਿੱਚ ਹੀ ਕਰੋ | ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਦੇ ਨਾਲ-ਨਾਲ ਹਿੰਦੀ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ | ਇਸ ਮੌਕੇ ਮੈਡਮ ਪ੍ਰੀਤ ਕੌਰ, ਮੈਡਮ ਜਸਪ੍ਰੀਤ ਕੌਰ, ਕੁਲਵੰਤ ਕੌਰ, ਹਰਦੀਪ ਕੌਰ, ਮਾਈਕਲ, ਹਨੀ ਆਦਿ ਹਾਜ਼ਰ ਸਨ |