ਪੋਜੇਵਾਲ ਸਰਾਂ, 21 ਫਰਵਰੀ (ਨਵਾਂਗਰਾਈਾ)-ਪੀ.ਐੱਮ ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ 'ਚ ਖੇਡਾਂ ਦੇ ਪ੍ਰਚਾਰ-ਪ੍ਰਸਾਰ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਫੀਫਾ ਵਲੋਂ ਆਯੋਜਿਤ 'ਫੁੱਟਬਾਲ ਫਾਰ ਸਕੂਲ' ਤਹਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੇ ਅਧੀਨ ਜ਼ਿਲ੍ਹੇ ਦੇ ਲਗਪਗ 25 ਸਕੂਲਾਂ ਨੂੰ ਫੁੱਟਬਾਲ ਵੰਡੇ, ਤਾਂ ਜੋ ਸਕੂਲੀ ਪੱਧਰ 'ਤੇ ਫੁੱਟਬਾਲ ਦੀ ਖੇਡ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ | ਸਮਾਗਮ ਦੀ ਸ਼ੁਰੂਆਤ ਸਕੂਲ ਪ੍ਰਸ਼ਾਸਨ ਅਤੇ ਮਹਿਮਾਨਾਂ ਦੇ ਸਵਾਗਤ ਨਾਲ ਹੋਈ | ਇਸ ਮੌਕੇ ਆਪਣੇ ਸੰਬੋਧਨ 'ਚ ਪਿ੍ੰਸੀਪਲ ਰਵਿੰਦਰ ਕੁਮਾਰ ਨੇ ਕਿਹਾ ਕਿ ਫੀਫਾ ਵਲੋਂ ਪੂਰੇ ਭਾਰਤ ਦੇਸ਼ 'ਚ ਫੁੱਟਬਾਲ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਯਤਨ ਆਰੰਭੇ ਹਨ ਜਿਸ ਤਹਿਤ ਦੇਸ਼ ਵਿੱਚ 10 ਲੱਖ ਫੁੱਟਬਾਲ ਫੀਫਾ ਵਲੋਂ ਵੰਡੇ ਜਾਣਗੇ ਅਤੇ ਇਹ ਫੁੱਟਬਾਲ 25 ਲੱਖ ਬੱਚਿਆਂ ਤੱਕ ਪਹੁੰਚਾਏ ਜਾਣਗੇ | ਉਨ੍ਹਾਂ ਦੱਸਿਆ ਕਿ ਫੀਫਾ ਵਲੋਂ ਆਉਣ ਵਾਲੇ ਸਮੇਂ ਵਿੱਚ ਫੁੱਟਬਾਲ ਨੂੰ ਭਾਰਤ ਦੇ ਬੱਚੇ-ਬੱਚੇ ਤੱਕ ਪਹੁੰਚਾਉਣ ਲਈ ਹੋਰ ਵੀ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਭਾਰਤ ਵੀ ਵਿਸ਼ਵ ਪੱਧਰ 'ਤੇ ਫੁੱਟਬਾਲ ਵਿੱਚ ਅੱਗੇ ਵੱਧ ਸਕੇ | ਸਕੂਲਾਂ ਦੇ ਪ੍ਰਤੀਨਿਧੀਆਂ ਨੇ ਇਸ ਪਹਿਲ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਸ ਨਾਲ ਪਿੰਡ ਅਤੇ ਸ਼ਹਿਰੀ ਖੇਤਰਾਂ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਖੇਡ ਨਾਲ ਜੁੜਨ ਦਾ ਮੌਕਾ ਮਿਲੇਗਾ | ਅੰਤ 'ਚ, ਸਭ ਸਕੂਲਾਂ ਨੂੰ ਫੁੱਟਬਾਲਾਂ ਵੰਡੀਆਂ ਗਈਆਂ ਅਤੇ ਵਿਦਿਆਰਥੀਆਂ ਨੇ ਖੁਸ਼ੀ ਅਤੇ ਜੋਸ਼ ਨਾਲ ਇਸ ਮੌਕੇ ਦਾ ਸਵਾਗਤ ਕੀਤਾ | ਅੰਤ 'ਚ ਵਾਈਸ ਪਿ੍ੰਸੀਪਲ ਸਮੀਮ ਅੰਸਾਰੀ ਵਲੋਂ ਸਭ ਦਾ ਧੰਨਵਾਦ ਕੀਤਾ |