ਪੰਜਾਬ ਦੀ ਜਵਾਨੀ ਦਾ ਨਸ਼ਿਆਂ ਦੀ ਦਲ- ਦਲ 'ਚ ਫਸਣਾ ਗੰਭੀਰ ਚਿੰਤਾ ਦਾ ਵਿਸ਼ਾ - ਡਾ. ਨਰੰਜਣ ਪਾਲ ਹੀਉਂ
ਅਜੀਤ ਡੈਸਕ
23-02-2026
ਕਟਾਰੀਆਂ, 22 ਫਰਵਰੀ (ਪੇ੍ਰਮੀ ਸੰਧਵਾਂ) - ਸੇਵਾ ਮੁਕਤ ਸੀਨੀਅਰ ਮੈਡੀਕਲ ਅਫ਼ਸਰ ਤੇ ਉੱਘੇ ਸਮਾਜ ਸੇਵੀ ਡਾ. ਨਰੰਜਣ ਪਾਲ ਹੀਉਂ ਨੇ ਆਏ ਦਿਨ ਨਸ਼ਿਆਂ ਵਿੱਚ ਜਕੜਦੀ ਜਾ ਰਹੀ ਸੂਬੇ ਦੀ ਸਰੂੰ ਵਰਗੀ ਜਵਾਨੀ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਨਸ਼ੇ ਦੇ ਸਮੱਗਲਰਾਂ ਦਾ ਪੰਜਾਬ ਸਰਕਾਰ ਪੁਲਿਸ ਦੀ ਸਹਾਇਤਾ ਨਾਲ ਲੱਕ ਤੋੜ ਦੇਵੇਗੀ | ਪਰ ਅਫਸੋਸ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਹਵਾ ਵਿੱਚ ਹੀ ਲਟਕਿਆ ਹੋਇਆ ਹੈ | ਕਿਉਂਕਿ ਨਸ਼ਿਆਂ ਦੇ ਮੋਹ ਰੂਪੀ ਜਾਲ ਵਿੱਚ ਫਸ ਕੇ ਮਾਵਾਂ ਦੇ ਗਭੱਰੂ ਪੁੱਤ ਸਿਵਿਆਂ ਦੇ ਰਾਹ ਪੈ ਰਹੇ ਹਨ ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਸਮੇਂ-ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਇਸ ਸਰਕਾਰ ਨੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਨਸ਼ੇ ਦੇ ਸੌਦਾਗਰਾਂ ਦਾ ਲੱਕ ਤੋੜਿਆ | ਪਰ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਸਮੇਂ ਨਸ਼ਿਆਂ ਦਾ ਖਾਤਮਾ ਤਾਂ ਕੀ ਹੋਣਾ ਸਗੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਦਿਸ ਰਿਹਾ ਵਾਧਾ ਅਨੇਕਾਂ ਮਾਵਾਂ ਦੇ ਪੁੱਤਰਾਂ ਨੂੰ ਆਪਣੀ ਮੋਹ ਰੂਪੀ ਬੁੱਕਲ ਵਿੱਚ ਜਰੂਰ ਲਵੇਗਾ | ਡਾ. ਨਰੰਜਣ ਪਾਲ ਹੀਉਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਰੁਚੀ ਰੱਖਣ |