ਬਲਾਚੌਰ, 23 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਿਊਾਦ ਵਿਖੇ ਕਿਸਾਨਾਂ 'ਤੇ ਕੀਤੇ ਗਏ ਲਾਠੀਚਾਰਜ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਪਾਰ ਵਿੰਗ ਦੀ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਾਵਰ ਸਿੰਘ ਦਿਲੀ ਅਤੇ ਸੀਨੀਅਰ ਅਕਾਲੀ ਆਗੂ ਅਸ਼ੋਕ ਨਾਨੋਵਾਲ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ 2022 ਦੀਆਂ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਸੀ ਅਤੇ ਸਰਕਾਰ ਬਣਾਉਣ ਉਪਰੰਤ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦਾ ਸਬਜ਼ਬਾਗ ਦਿਖਾਇਆ, ਪਰ ਸਰਕਾਰ ਬਣਨ ਉਪਰੰਤ ਆਪ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾਂ ਹੋਣਾ ਸ਼ੁਰ ਹੋ ਗਿਆ | ਪਹਿਲਾਂ ਸ਼ਾਂਤਮਈ ਸੰਘਰਸ਼ ਕਰਦੇ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਪੁਲਿਸ ਬਲ ਨਾਲ ਖਦੇੜ ਦਿੱਤਾ ਅਤੇ ਉਨ੍ਹਾਂ ਦਾ ਸਮਾਨ ਵੀ ਗ਼ਾਇਬ ਕਰ ਦਿੱਤਾ ਗਿਆ ਅਤੇ ਫਿਰ ਸੰਘਰਸ਼ੀ ਕਿਸਾਨਾਂ 'ਤੇ ਮਾਮਲੇ ਦਰਜ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤੇ ਅਤੇ ਹੁਣ ਤਾਜਾਂ ਘਟਨਾ ਪਿੰਡ ਜਿਊਾਦ (ਬਠਿੰਡਾ) ਤੋਂ ਸਾਹਮਣੇ ਆਈ ਜਿੱਥੇ ਕਿਸਾਨਾਂ 'ਤੇ ਬੇਹਾਤਾਸ਼ਾ ਲਾਠੀਚਾਰਜ ਕੀਤਾ ਗਿਆ | ਦਿਲਾਵਰ ਸਿੰਘ ਦਿਲੀ ਨੇ ਆਖਿਆ ਕਿ ਸਰਕਾਰ ਕਿਸਾਨਾਂ ਨੂੰ ਡਾਂਗ ਦੇ ਜ਼ੋਰ 'ਤੇ ਦਬਾਉਣਾ ਚਾਹੁੰਦੀ ਹੈ ਅਤੇ ਘਰਾਂ ਵਿੱਚ ਨਜ਼ਰਬੰਦ ਕਰਕੇ ਦਹਿਸ਼ਤ ਪਾਉਣਾ ਚਾਹੁੰਦੀ ਹੈ, ਪਰ ਸਰਕਾਰ ਯਾਦ ਰੱਖੇ ਕਿ ਕਿਸਾਨ ਗੋਲੀਆਂ 'ਤੇ ਡਾਂਗਾਂ ਤੋਂ ਨਹੀਂ ਡਰਦੇ | ਉਨ੍ਹਾਂ ਕਿਹਾ ਕਿ ਕਿਸਾਨ ਉਸ ਕੌਮ ਦੇ ਵਾਰਿਸ ਹਨ ਜਿਨ੍ਹਾਂ ਨੂੰ ਫ਼ਰੰਗੀਆਂ ਨੇ ਮਾਰ-ਮਾਰ ਕੇ ਖੂਹ ਭਰ ਦਿੱਤੇ ਸਨ ਤਾਂ ਵੀ ਪਿੱਛੇ ਨਹੀਂ ਹਟੇ |